ਪੱਤਰ ਪ੍ਰੇਰਕਅੰਮ੍ਰਿਤਸਰ, 13 ਦਸੰਬਰਏਅਰ ਇੰਡੀਆ ਐਕਸਪ੍ਰੈੱਸ 27 ਦਸੰਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਦੋ ਨਵੀਆਂ ਉਡਾਣਾਂ (ਕੌਮਾਂਤਰੀ ਤੇ ਘਰੇਲੂ) ਸ਼ੁਰੂ ਕਰ ਰਹੀ ਹੈ, ਜੋ ਇਸ ਸ਼ਹਿਰ ਨੂੰ ਸਿੱਧਾ ਬੈਂਕਾਕ ਤੇ ਬੰਗਲੂਰੂ ਨਾਲ ਜੋੜਨਗੀਆਂ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਕਨਵੀਨਰ (ਭਾਰਤ) ਯੋਗੇਸ਼ ਕਾਮਰਾ ਨੇ ਦੱਸਿਆ ਕਿ ਇਹ ਪੰਜਾਬ ਦੇ ਹਵਾਈ ਸੰਪਰਕ ਅਤੇ ਪੰਜਾਬੀਆਂ ਲਈ ਨਵੇਂ ਸਾਲ ਦਾ ਤੋਹਫਾ ਹੈ। ਏਅਰਲਾਈਨ ਵੱਲੋਂ ਜਾਰੀ ਸਮਾਂ ਸੂਚੀ ਮੁਤਾਬਕ ਬੰਗਲੂਰੂ ਤੋਂ ਉਡਾਣ ਸਵੇਰੇ 5:55 ਵਜੇ ਚੱਲ ਕੇ 9:20 ਵਜੇ ਸਵੇਰੇ ਅੰਮ੍ਰਿਤਸਰ ਪਹੁੰਚੇਗੀ। ਇੱਥੋਂ ਵਾਪਸੀ ਰਾਤ 11:30 ਵਜੇ ਹੋਵੇਗੀ ਅਤੇ ਸਵੇਰੇ 2:45 ਵਜੇ ਬੰਗਲੂਰੂ ਪਹੁੰਚੇਗੀ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਉਡਾਣ ਸਵੇਰੇ 10:40 ਵਜੇ ਰਵਾਨਾ ਹੋ ਕੇ ਬੈਂਕਾਕ ਦੇ ਸਵਰਨਭੂਮੀ ਹਵਾਈ ਅੱਡੇ ’ਤੇ ਸ਼ਾਮ 5 ਵਜੇ ਪਹੁੰਚੇਗੀ ਜਿੱਥੋਂ ਵਾਪਸੀ ਸ਼ਾਮ 6 ਵਜੇ ਹੋਵੇਗੀ ਅਤੇ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਉਡਾਣਾਂ ਹਫ਼ਤੇ ਵਿੱਚ ਚਾਰ ਦਿਨ (ਸੋਮਵਾਰ, ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ) ਨੂੰ ਚੱਲਣਗੀਆਂ।