ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਸਰ ’ਚ ਸੰਘਣੀ ਧੁੰਦ ਕਾਰਨ ਲੀਹੋਂ ਲੱਥੀ ਜ਼ਿੰਦਗੀ

04:30 AM Jan 04, 2025 IST
ਸੰਘਣੀ ਧੁੰਦ ’ਚ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜਾ ਰਹੇ ਯਾਤਰੀ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਜਨਵਰੀ
ਇੱਥੇ ਅੱਜ ਪਈ ਸੰਘਣੀ ਧੁੰਦ ਨੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਧੁੰਦ ਕਾਰਨ ਸਮੁੱਚੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਇਸ ਨਾਲ ਹਵਾਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਹਨ। ਬੀਤੇ ਕੱਲ੍ਹ ਤੋਂ ਆਰੰਭ ਹੋਈ ਧੁੰਦ ਨੇ ਅੱਜ ਵਧੇਰੇ ਸੰਘਣਾ ਰੂਪ ਅਖਤਿਆਰ ਕਰ ਲਿਆ, ਜਿਸ ਨਾਲ ਸਮੁੱਚਾ ਜਨ ਜੀਵਨ ਅਸਰ ਅੰਦਾਜ਼ ਹੋਇਆ ਹੈ। ਅੱਜ ਤੜਕੇ ਤੋਂ ਹੀ ਸੰਘਣੀ ਧੁੰਦ ਸੀ ਅਤੇ ਲਗਭਗ ਸਾਰਾ ਦਿਨ ਹੀ ਧੁੰਦ ਦਾ ਕਹਿਰ ਜਾਰੀ ਰਿਹਾ। ਦੁਪਹਿਰ ਵੇਲੇ ਕੁਝ ਸਮਾਂ ਧੁੰਦ ਚੁੱਕੀ ਗਈ ਸੀ ਪਰ ਸ਼ਾਮ ਵੇਲੇ ਮੁੜ ਧੁੰਦ ਪੈਣੀ ਸ਼ੁਰੂ ਹੋ ਗਈ।
ਸੰਘਣੀ ਧੁੰਦ ਨੇ ਸੜਕ, ਰੇਲ ਤੇ ਹਵਾਈ ਆਵਾਜਾਈ ਸਮੇਤ ਸਮੁੱਚੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੈ। ਸਵੇਰ ਵੇਲੇ ਸੰਘਣੀ ਧੁੰਦ ਕਾਰਨ ਵਿਜੀਬਿਲਟੀ ਜ਼ੀਰੋ ਸੀ ਅਤੇ ਕੁਝ ਕਦਮ ਤੋਂ ਅੱਗੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਵਾਹਨ ਚਾਲਕਾਂ ਨੂੰ ਸਵੇਰ ਵੇਲੇ ਹੀ ਲਾਈਟਾਂ ਜਗਾ ਕੇ ਚੱਲਣਾ ਪਿਆ ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਸੁਸਤ ਰਹੀ। ਇਸ ਨਾਲ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਕਈ ਰੇਲ ਗੱਡੀਆਂ ਪੱਛੜ ਕੇ ਪੁੱਜੀਆਂ ਤੇ ਰਵਾਨਾਂ ਹੋਈਆਂ ਹਨ। ਹਵਾਈ ਅੱਡਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸੰਘਣੀ ਧੁੰਦ ਨੇ ਹਵਾਈ ਆਵਾਜਾਈ ਨੂੰ ਵੀ ਪ੍ਰਭਾਵਿਤ ਕੀਤਾ ਹੈ ਜਿਸ ਕਾਰਨ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਦੇਰ ਰਾਤ ਪੁੱਜਣ ਵਾਲੀਆਂ ਕਈ ਉਡਾਣਾਂ ਨੂੰ ਸੰਘਣੀ ਧੁੰਦ ਕਾਰਨ ਅੰਮ੍ਰਿਤਸਰ ਦੀ ਥਾਂ ਹੋਰ ਹਵਾਈ ਅੱਡਿਆਂ ਵੱਲ ਤਬਦੀਲ ਕੀਤਾ ਗਿਆ। ਸਵੇਰੇ ਦਿੱਲੀ ਤੋਂ ਆਉਣ ਵਾਲੀ ਘਰੇਲੂ ਉਡਾਨ ਨੂੰ ਰੱਦ ਕੀਤਾ ਗਿਆ ਹੈ ਜਦੋਂ ਕਿ ਸ਼ਾਰਜਾਹ, ਦੁਬਈ ਅਤੇ ਬੰਗਲੁਰੂ ਵਾਲੀਆਂ ਉਡਾਨਾਂ ਦੇਰ ਨਾਲ ਪੁੱਜੀਆਂ। ਹਵਾਈ ਉਡਾਣਾਂ ਪ੍ਰਭਾਵਿਤ ਹੋਣ ਨਾਲ ਯਾਤਰੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਧੁੰਦ ਦੇ ਨਾਲ ਹੀ ਸੀਤ ਲਹਿਰ ਨੇ ਜ਼ੋਰ ਫੜ ਲਿਆ ਹੈ ਜਿਸ ਨਾਲ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਅਗਲੇ ਕੁਝ ਦਿਨ ਧੁੰਦ ਤੇ ਸੀਤ ਲਹਿਰ ਦਾ ਜ਼ੋਰ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ। ਸੂਰਜ ਨਾ ਨਿਕਲਣ ਕਾਰਨ ਸਾਰਾ ਦਿਨ ਠੰਢ ਦਾ ਆਲਮ ਬਣਿਆ ਰਿਹਾ ਹੈ ਜਿਸ ਨੇ ਲੋਕਾਂ ਨੂੰ ਠਾਰਿਆ ਹੈ। ਸੀਤ ਲਹਿਰ ਕਾਰਨ ਦਿਹਾੜੀਦਾਰ, ਮਜ਼ਦੂਰ ਅਤੇ ਰਿਕਸ਼ਾ, ਘੋੜਾ ਰੇਹੜੀ ਚਲਾਉਣ ਵਾਲੇ ਵੀ ਵਧੇਰੇ ਪ੍ਰਭਾਵਿਤ ਹੋਏ ਹਨ।

Advertisement

ਫੁੱਟਪਾਥਾਂ ’ਤੇ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਰੈਣ ਬਸੇਰੇ ’ਚ ਭੇਜਿਆ
ਅੰਮ੍ਰਿਤਸਰ (ਟਨਸ): ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਸੜਕ ਦੇ ਕਿਨਾਰੇ ਅਤੇ ਫੁੱਟਪਾਥਾਂ ’ਤੇ ਰਹਿ ਰਹੇ ਬੇਸਹਾਰਾ ਗਰੀਬ, ਲੇਬਰ ਅਤੇ ਬੱਚਿਆਂ ਨੂੰ ਏਡੀਸੀ ਅਮਿਤ ਸਰੀਨ ਨੇ ਰੈਨ ਬਸੇਰਾ ਗੋਲਬਾਗ ਪਹੁੰਚਾਇਆ। ਲੋੜਵੰਦਾਂ ਨੂੰ ਰੈੱਡ ਕਰਾਸ ਦੇ ਸਹਿਯੋਗ ਨਾਲ ਕੰਬਲ ਦਿੱਤੇ ਦਏ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਏਡੀਸੀ ਨੇ ਦੱਸਿਆ ਕਿ ਕਿਲਾ ਗੋਬਿੰਦਗੜ੍ਹ, ਕੰਪਨੀ ਬਾਗ ਅਤੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਲਗਭਗ 20 ਵਿਅਕਤੀਆਂ ਨੂੰ ਰੈਣ ਬਸੇਰੇ ’ਚ ਤਬਦੀਲ ਕੀਤਾ ਗਿਆ ਹੈ। ਝੁੱਗੀ ਝੌਪੜੀਆਂ ਵਿੱਚ ਰਹਿ ਰਹੇ ਲੋੜਵੰਦਾਂ ਨੂੰ ਕੰਬਲਾਂ ਦੀ ਵੰਡ ਵੀ ਕੀਤੀ ਗਈ। ਉਨ੍ਹਾਂ ਸਕੱਤਰ ਰੈਡ ਕਰਾਸ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਲੋੜਵੰਦਾਂ ਦਾ ਧਿਆਨ ਰੱਖਣ ਅਤੇ ਜਿੱਥੇ ਜ਼ਰੂਰਤ ਹੋਵੇ ਕੰਬਲ ਅਤੇ ਗਰਮ ਕੱਪੜਿਆਂ ਦੀ ਵੰਡ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਗੋਲਬਾਗ ਵਿਖੇ ਯਾਤਰੀ ਨਿਵਾਸ ਵਿੱਚ 25 ਬੈੱਡ ਅਤੇ ਗੋਲਬਾਗ ਰੈਣ ਬਸੇਰੇ ਵਿੱਚ 100 ਬੈੱਡਾਂ ਦੀ ਸਹੂਲਤ ਰੱਖੀ ਗਈ ਹੈ। ਨਗਰ ਕੌਂਸਲਾਂ ਵਿੱਚ ਵੀ ਰੈਣ ਬਸੇਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ।

Advertisement
Advertisement