ਅੰਮ੍ਰਿਤਸਰ ’ਚ ਚੀਨੀ ਡੋਰ ਦੇ ਹਜ਼ਾਰ ਤੋਂ ਵੱਧ ਗੱਟੂ ਬਰਾਮਦ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਜਨਵਰੀ
ਸਿੰਥੈਟਿਕ ਡੋਰ ਦੀ ਵਰਤੋਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪੁਲੀਸ ਨੇ 1000 ਤੋਂ ਵੱਧ ਚੀਨੀ ਡੋਰ ਦੇ ਗੱਟੂ ਬਰਾਮਦ ਕੀਤੇ ਹਨ। ਇਸ ਮੁਹਿੰਮ ਤਹਿਤ ਪੁਲੀਸ ਵੱਲੋਂ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਸਿੰਥੈਟਿਕ ਡੋਰ ਵਰਤਣ ਵਾਲਿਆਂ ਨੂੰ ਕਾਬੂ ਕਰ ਕੇ ਵੇਚਣ ਵਾਲਿਆਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਪੁਲੀਸ ਦੇ ਸਹਾਇਕ ਕਮਿਸ਼ਨਰ ਜਸਪਾਲ ਸਿੰਘ ਨੇ ਕਿਹਾ ਕਿ ਇਕੱਲੇ ਸੈਂਟਰਲ ਜ਼ੋਨ ਵਿੱਚ ਬੁੱਧਵਾਰ ਅਤੇ ਵੀਰਵਾਰ ਨੂੰ ਪੁਲੀਸ ਨੇ ਚੀਨੀ ਡੋਰ ਦੇ 1000 ਤੋਂ ਵੱਧ ਗੱਟੂ ਜ਼ਬਤ ਕੀਤੇ ਹਨ। ਕੇਂਦਰੀ ਜ਼ੋਨ ਦੇ ਇਸ ਖੇਤਰ ਵਿੱਚ ਥਾਣਾ ਡੀ ਡਿਵੀਜ਼ਨ, ਥਾਣਾ ਗੇਟ ਹਕੀਮਾਂ ਅਤੇ ਥਾਣਾ ਇਸਲਾਮਾਬਾਦ ਦੇ ਅਧਿਕਾਰ ਖੇਤਰ ਹੇਠ ਆਉਂਦਾ ਇਲਾਕਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਗੇਟ ਹਕੀਮਾਂ ਥਾਣਾ ਖੇਤਰ ਵਿੱਚੋਂ ਲਗਭਗ 550 ਚੀਨੀ ਡੋਰ ਦੇ ਗੱਟੂ ਬਰਾਮਦ ਕੀਤੇ ਗਏ ਹਨ। ਇਸ ਸਬੰਧ ਵਿੱਚ ਪੁਲੀਸ ਵੱਲੋਂ ਸੱਤ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ੱਕੀਆਂ ਨੂੰ ਫੜਨ ਵਾਸਤੇ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਬੱਚਿਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਆਖਿਆ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਬੱਚੇ ਪਾਬੰਦੀਸ਼ੁਦਾ ਡੋਰ ਦੀ ਵਰਤੋਂ ਕਰਦੇ ਮਿਲੇ ਤਾਂ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ। ਇਸ ਦੌਰਾਨ ਸਿਟੀ ਪੁਲੀਸ ਦੇ ਸੀਆਈਏ ਸਟਾਫ਼ ਵੱਲੋਂ ਵੀ 224 ਗੱਟੂ ਬਰਾਮਦ ਕਰਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਵਿਅਕਤੀ ਆਪਣੇ ਗਾਹਕਾਂ ਨੂੰ ਗੁਪਤ ਤਰੀਕੇ ਨਾਲ ਇਹ ਮਾਲ ਵੇਚ ਰਿਹਾ ਸੀ। ਥਾਣਾ ਸੀ ਡਿਵੀਜ਼ਨ ਦੀ ਪੁਲੀਸ ਨੇ ਦੋ ਵਿਅਕਤੀਆਂ ਖਿਲਾਫ਼ ਕਾਰਵਾਈ ਕਰ ਕੇ 19 ਗੱਟੂ ਬਰਾਮਦ ਕੀਤੇ ਹਨ ਜਦਕਿ ਸਦਰ ਥਾਣੇ ਦੀ ਪੁਲੀਸ ਨੇ ਇੱਕ ਵਿਅਕਤੀ ਕੋਲੋਂ 20 ਕੱਟੂ ਬਰਾਮਦ ਕੀਤੇ ਹਨ।