ਅੰਮ੍ਰਿਤਸਰੀਆਂ ਨੇ ‘ਆਪ’ ਨੂੰ ਸ਼ੀਸ਼ਾ ਦਿਖਾਇਆ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਦਸੰਬਰ
ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰਨ ਵਿੱਚ ਅਸਫ਼ਲ ਰਹੀ ਹੈ, ਜਿਸ ਨਾਲ ਉਸ ਦਾ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ਵਾਸਤੇ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਿਰਫ਼ 24 ਸੀਟਾਂ ਮਿਲੀਆਂ ਹਨ ਜਦੋਂਕਿ ਵਿਰੋਧੀ ਧਿਰ ਕਾਂਗਰਸ ਨੂੰ 40 ਸੀਟਾਂ ਪ੍ਰਾਪਤ ਹੋਈਆਂ ਹਨ। ਤੀਜੇ ਨੰਬਰ ’ਤੇ ਆਈ ਭਾਜਪਾ ਨੂੰ 9 ਸੀਟਾਂ ਮਿਲੀਆਂ ਹਨ ਅਤੇ 8 ਆਜ਼ਾਦ ਉਮੀਦਵਾਰ ਚੋਣ ਜਿੱਤੇ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਚਾਰ ਸੀਟਾਂ ਜਿੱਤੀਆਂ ਹਨ।
ਹਾਲ ਹੀ ਵਿੱਚ ਨਗਰ ਨਿਗਮ ਚੋਣਾਂ ਵਾਸਤੇ ਪਾਰਟੀ ਦੇ ਪ੍ਰਚਾਰ ਲਈ ਆਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਹੋਰ ਮੰਤਰੀਆਂ ਤੇ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੇ ਮੇਅਰ ਬਣਾਏਗੀ। ਅੰਮ੍ਰਿਤਸਰ ਨਗਰ ਨਿਗਮ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਵੱਲੋਂ ਆਪਣਾ ਮੇਅਰ ਬਣਾਉਣ ਵਾਸਤੇ ਜੋੜ-ਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ 85 ਵਿੱਚੋਂ 40 ਸੀਟਾਂ ਜਿੱਤ ਕੇ ਇਸ ਵੇਲੇ ਵੱਡੀ ਪਾਰਟੀ ਵਜੋਂ ਉਭਰੀ ਹੈ। ਆਪਣਾ ਮੇਅਰ ਬਣਾਉਣ ਵਾਸਤੇ ਬਹੁਮਤ ਸਾਬਤ ਕਰਨ ਲਈ ਉਸ ਨੂੰ ਕੁਝ ਹੋਰ ਕੌਂਸਲਰਾਂ ਦੀ ਲੋੜ ਪਵੇਗੀ। ਇਸ ਵੇਲੇ ਕਾਂਗਰਸ ਦੀ ਨਿਗਾਹ ਆਜ਼ਾਦ ਜਿੱਤੇ ਉਮੀਦਵਾਰਾਂ ’ਤੇ ਹੈ। ਕਾਂਗਰਸ ਵੱਲੋਂ ਜਿੱਤੇ ਕੁਝ ਸੀਨੀਅਰ ਕੌਂਸਲਰਾਂ ਵੱਲੋਂ ਮੇਅਰ ਬਣਨ ਲਈ ਜੋੜ-ਤੋੜ ਸ਼ੁਰੂ ਕਰ ਦਿੱਤਾ ਗਿਆ ਹੈ। ਕਾਂਗਰਸੀ ਸਫਾਂ ਵਿੱਚ ਇਸ ਵੇਲੇ ਕੁਝ ਨਾਵਾਂ ਦੀ ਵਧੇਰੇ ਚਰਚਾ ਚੱਲ ਰਹੀ ਹੈ ਜਿਨ੍ਹਾਂ ਵਿੱਚ ਵਿਕਾਸ ਸੋਨੀ ਅਤੇ ਕਵਲ ਪ੍ਰੀਤਪਾਲ ਸਿੰਘ ਲੱਕੀ ਦੇ ਨਾਂ ਮੋਹਰਲੀ ਕਤਾਰ ਵਿੱਚ ਹਨ। ਵਿਕਾਸ ਸੋਨੀ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਦੇ ਰਿਸ਼ਤੇਦਾਰ ਹਨ ਅਤੇ ਦੋ ਵਾਰ ਕੌਂਸਲਰ ਬਣੇ ਹਨ। ਦੂਜੇ ਪਾਸੇ ਲੱਕੀ ਤੀਜੀ ਵਾਰ ਕੌਂਸਲਰ ਬਣੇ ਹਨ। ਇਸ ਵਾਰ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਵੀ ਕੌਂਸਲਰ ਵਜੋਂ ਜਿੱਤੀ ਹੈ।