For the best experience, open
https://m.punjabitribuneonline.com
on your mobile browser.
Advertisement

ਅੰਬੇਡਕਰ ਸਬੰਧੀ ਟਿੱਪਣੀਆਂ ’ਤੇ ਸ਼ਾਹ ਖਿਲਾਫ਼ ਪ੍ਰਦਰਸ਼ਨ

05:11 AM Dec 21, 2024 IST
ਅੰਬੇਡਕਰ ਸਬੰਧੀ ਟਿੱਪਣੀਆਂ ’ਤੇ ਸ਼ਾਹ ਖਿਲਾਫ਼ ਪ੍ਰਦਰਸ਼ਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਦੇ ਹੋਏ ਡਾ. ਜਤਿੰਦਰ ਸਿੰਘ ਮੱਟੂ ਕਰਮਚਾਰੀ ਅਤੇ ਵਿਦਿਆਰਥੀ। -ਫੋਟੋ: ਭੰਗੂ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਦਸੰਬਰ
ਰਾਜ ਸਭਾ ਵਿੱਚ ਭਾਰਤੀ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਟਿੱਪਣੀ ਨੂੰ ਲੈ ਕੇ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਟੀ ਪੁਆਇੰਟ ’ਤੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ਼ ਪ੍ਰਦਰਸਨ ਕਰਦਿਆਂ ਪੁਤਲਾ ਵੀ ਫੂਕਿਆ।
ਬਲਾਰਿਆਂ ਨੇ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਹਾਸ਼ੀਏ ’ਤੇ ਧੱਕੇ ਅਨੁਸੂਚਿਤ ਜਾਤੀ ਪੱਛੜੇ ਲੋਕਾਂ ਲਈ ਡਾ. ਅੰਬੇਡਕਰ ਦਾ ਨਾਮ ਗੌਰਵ ਤੇ ਆਤਮ ਸਨਮਾਨ ਦਾ ਪ੍ਰਤੀਕ ਹੈ, ਜਿਸ ਕਰਕੇ ਗ੍ਰਹਿ ਮੰਤਰੀ ਦੀ ਟਿੱਪਣੀ ਨੇ ਬਾਬਾ ਸਾਹਿਬ ਦਾ ਅਪਮਾਨ ਹੀ ਨਹੀਂ ਕੀਤਾ ਸਗੋਂ ਦੇਸ਼ ਦੇ ਸੰਵਿਧਾਨ ਦਾ ਵੀ ਅਪਮਾਨ ਕੀਤਾ ਹੈ। ਜਿਸ ਲਈ ਮੁਆਫੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਭਰ ਵਿੱਚ ਪੁਤਲੇ ਫੂਕੇ ਜਾਣਗੇ।
ਇਸ ਮੌਕੇ ਯੂਨੀਵਰਸਿਟੀ ਦੀ ਬੀ ਅਤੇ ਸੀ ਕਲਾਸ ਕਰਮਚਾਰੀ ਸੰਘ ਵਲੋਂ ਵੀ ਰੋਸ ਪ੍ਰਦਰਸ਼ਨ ’ਚ ਸਮਰਥਨ ਦਿੱਤਾ ਗਿਆ। ਇਸੇ ਦੌਰਾਨ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਪੰਜਾਬ ਵੱਲੋਂ ਵੀ ਅੱਜ ਪਟਿਆਲਾ ਸ਼ਹਿਰ ’ਚ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਤੇ ਹੋਰਾਂ ਦੀ ਅਗਵਾਈ ਹੇਠਾਂ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ।

Advertisement

ਸਮਾਣਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਦੇ ਹੋਏ ਲੋਕ।

ਐੱਸਸੀ ਭਾਈਚਾਰੇ ਵੱਲੋਂ ਨਾਅਰੇਬਾਜ਼ੀ
ਸਮਾਣਾ (ਸੁਭਾਸ਼ ਚੰਦਰ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਕੀਤੀ ਟਿੱਪਣੀ ਵਿਰੁੱਧ ਐੱਸਸੀ ਵਿੰਗ ਸਮਾਣਾ ਨੇ ਅਮਿਤ ਸ਼ਾਹ ਦਾ ਸਥਾਨਕ ਅੰਬੇਡਕਰ ਚੌਕ ’ਚ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਜੇ ਕੁਮਾਰ ਭਿੰਡੀ, ਕੌਂਸਲਰ ਹਰਪ੍ਰੀਤ ਸਿੰਘ ਕੁਕਾ, ਦੀਪੂ ਬਾਲੀ ਕੁਲਵਿੰਦਰ ਸਿੰਘ, ਸੈਲ ਸਾਂਦੜ, ਰਾਜੇਸ਼ ਆਦੀਵਾਲ, ਸੋਮਾ ਘਨੋਤ, ਅਮਿਤ ਧਾਲੀਵਾਲ, ਸੋਨੂੰ ਕਲਿਆਣ ਅਤੇ ਇੰਦਰਸੈਨ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਰਾਜ ਸਭਾ ’ਚ ਡਾ. ਅੰਬੇਡਕਰ ਵਿਰੁੱਧ ਟਿੱਪਣੀ ਹੀ ਨਹੀਂ ਕੀਤੀ ਸਗੋਂ ਦੇਸ਼ ਦੇ ਸੰਵਿਧਾਨ ਦਾ ਵੀ ਅਪਮਾਨ ਕੀਤਾ ਹੈ। ਇਸ ਲਈ ਗ੍ਰਹਿ ਮੰਤਰੀ ਨੂੰ ਆਪਣੀ ਟਿੱਪਣੀ ਲਈ ਤੁਰੰਤ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ।

Advertisement

ਆਮ ਆਦਮੀ ਪਾਟੀ ਦਾ ਵਫ਼ਦ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਾ ਹੋਇਆ। -ਫੋਟੋ: ਰਾਣੂ

‘ਆਪ’ ਨੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਅਲੀ ਰਾਜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਬਾਂਸਲ ਰਾਹੀਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਪੁਤਲਾ ਫੂਕਣ ਮੌਕੇ ਵਿਧਾਇਕ ਡਾ. ਮੁਹੰਮਦ ਜ਼ਮੀਲ-ਉਰ-ਰਹਿਮਾਨ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ‘ਚ ਜਿਹੜੀਆਂ ਟਿੱਪਣੀਆਂ ਕੀਤੀਆਂ ਹਨ ਉਹ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਅਤੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਹਨ। ਜ਼ਿਲ੍ਹਾ ਕਾਂਗਰਸ ਕਮੇਟੀ ਨੇ ਜ਼ਿਲ੍ਹਾ ਪ੍ਰਧਾਨ ਜਸਪਾਲ ਦਾਸ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ। ਕਾਂਗਰਸੀ ਆਗੂ ਜਸਪਾਲ ਦਾਸ ਅਤੇ ਅਨਵਰ ਮਹਿਬੂਬ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਆਪਣੀ ਟਿੱਪਣੀ ਨੂੰ ਲੈ ਕੇ ਸਮੁੱਚੇ ਭਾਰਤੀਆਂ ਤੋਂ ਮੁਆਫ਼ੀ ਮੰਗਣ ਅਤੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨ ਅਮਿਤ ਸ਼ਾਹ ਦੀ ਅਰਥੀ ਫੂਕਦੇ ਹੋਏ।

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪ੍ਰਦਰਸ਼ਨ
ਲਹਿਰਾਗਾਗਾ (ਰਮੇਸ਼ ਭਾਰਦਵਾਜ): ਪਿੰਡ ਜਲੂਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਟਿੱਪਣੀ ਦਾ ਸਖ਼ਤ ਨੋਟਿਸ ਲੈਂਦਿਆਂ ਪਿੰਡਾਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਰਥੀ ਫੂਕੀ ਗਈ। ਜ਼ੋਨਲ ਆਗੂ ਗੁਰਦਾਸ ਜਲੂਰ, ਇਲਾਕਾ ਆਗੂ ਮੱਖਣ ਸਿੰਘ ਜਲੂਰ ਤੇ ਬਿਕਰ ਸਿੰਘ ਹਥੌਆ ਨੇ ਕਿਹਾ ਕਿ ਅਮਿਤ ਸ਼ਾਹ ਦੀ ਟਿੱਪਣੀ ਤੋਂ ਪਤਾ ਚਲਦਾ ਹੈ ਕੀ ਮੌਜੂਦਾ ਕੇਂਦਰ ਦੀ ਸੱਤਾਂ ’ਤੇ ਕਾਬਜ਼ ਸਰਕਾਰ ਅਸਲ ਵਿੱਚ ਆਰਐੱਸਐੱਸ ਤੇ ਮਨੂੰਵਾਦੀ ਦੀ ਵਿਚਾਰਧਾਰਾ ਨਾਲ ਲੈਸ ਹੈ ਜਿਨ੍ਹਾਂ ’ਚ ਅੰਬੇਡਕਰ ਤੇ ਦਲਿਤਾਂ ਖ਼ਿਲਾਫ਼ ਨਫਰਤ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਮਿਹਨਤਕਸ਼ ਜਮਾਤ ਬਾਬਾ ਸਾਹਿਬ ਅੰਬੇਡਕਰ ਦੇ ਅਪਮਾਨ ਨੂੰ ਬਰਦਾਸਤ ਨਹੀਂ ਕਰੇਗੀ। ਇਸ ਮੌਕੇ ਬਿੰਦਰ ਸਿੰਘ, ਕਾਲਾ ਸਿੰਘ ਅਤੇ ਰੂਪਾ ਸਿੰਘ ਹਾਜ਼ਰ ਸਨ।

ਅਮਿਤ ਸ਼ਾਹ ਦਾ ਪੁਤਲਾ ਸਾੜਦੇ ਹੋਏ ਕਾਮੇ। -ਫੋਟੋ: ਅਕੀਦਾ

ਚੌਥਾ ਦਰਜਾ ਕਾਮਿਆਂ ’ਚ ਰੋਸ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਕੱਚੀਆਂ ਅਤੇ ਪੱਕੀਆਂ ਸਮੇਤ ਪੈਨਸ਼ਨਰ ਵੱਲੋਂ ਪੰਜਾਬ ਸੁਬਾਰਡੀਨੇਟ ਫੈਡਰੇਸ਼ਨ ਤੇ ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਪੰਜਾਬ (1680) ਨੇ ਅੱਜ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਨੂੰ ਲੋਕ ਮਨਾਂ ਵਿੱਚੋਂ ਬਾਹਰ ਕਰਨ ਦੇ ਦੋਸ਼ ਤਹਿਤ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ। ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ ਸਵਰਨ ਸਿੰਘ ਬੰਗਾ, ਰਾਮ ਕਿਸ਼ਨ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਕੁਮਾਰ ਗੋਲੂ, ਮਾਧੋ ਰਾਹੀ, ਨਾਰੰਗ ਸਿੰਘ, ਸ਼ਿਵ ਚਰਨ, ਕੰਵਲਜੀਤ ਸਿੰਘ ਚੰਨੋ ਨੇ ਕਿਹਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਸਲ ਵਿਚ ਭਾਜਪਾ ਦੇ ਡਾ. ਅੰਬੇਡਕਰ ਵਿਰੋਧੀ ਏਜੰਡੇ ਨੂੰ ਸਪੱਸ਼ਟ ਕੀਤਾ ਹੈ।

Advertisement
Author Image

Charanjeet Channi

View all posts

Advertisement