ਅੰਬਾਲਾ ਦੇ ਹੋਟਲ ਵਿੱਚ ਨੌਜਵਾਨ ਵੱਲੋਂ ਹਵਾਈ ਫਾਇਰ
ਨਿਜੀ ਪੱਤਰ ਪ੍ਰੇਰਕ
ਅੰਬਾਲਾ, 5 ਫਰਵਰੀ
ਲੰਘੀ ਦੇਰ ਰਾਤ ਅੰਬਾਲਾ ਕੈਂਟ ਦੇ ਇਕ ਹੋਟਲ ਵਿਚ ਦੋਸਤਾਂ ਨਾਲ ਖਾਣ-ਪੀਣ ਆਏ ਨੌਜਵਾਨ ਨੇ ਕਹੀ-ਸੁਣੀ ਤੋਂ ਬਾਅਦ ਹਵਾਈ ਫਾਇਰ ਕਰ ਦਿੱਤੇ। ਗਨੀਮਤ ਇਹ ਰਹੀ ਕਿ ਕਿਸੇ ਨੂੰ ਗੋਲੀ ਨਹੀਂ ਲੱਗੀ। ਮੁਲਜ਼ਮ ਫਾਇਰ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਨੇ ਹੋਟਲ ਮਾਲਕ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਮ ਬਾਗ ਰੋਡ ਨਿਵਾਸੀ ਪੰਕਜ ਕੁਮਾਰ ਨੇ ਪੁਲੀਸ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਸਾਢੇ 9 ਵਜੇ ਚਾਰ ਲੜਕੇ ਉਸ ਦੇ ਹੋਟਲ ਸਟਾਰ-99 ਵਿਚ ਖਾਣਾ ਖਾਣ ਲਈ ਆਏ। ਖਾਣਾ ਖਾਂਦਿਆਂ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਚਾਰੇ ਨੌਜਵਾਨ ਰੌਲਾ ਪਾਉਂਦੇ ਹੋਏ ਬਾਹਰ ਨਿਕਲੇ ਅਤੇ ਆਪਸ ਵਿਚ ਝਗੜਨ ਲੱਗ ਪਏ। ਇਸ ਦੌਰਾਨ ਮੁਹਾਲੀ ਜ਼ਿਲ੍ਹੇ ਦੇ ਰਜਾਪੁਰ ਪਿੰਡ ਦੇ ਸੁਭਾਸ਼ ਕੁਮਾਰ ਉਰਫ਼ ਮੋਨੂੰ ਨੇ ਤੈਸ਼ ਵਿਚ ਆ ਕੇ ਆਪਣੀ ਰਿਵਾਲਵਰ ਕੱਢੀ ਅਤੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਲਾਪ੍ਰਵਾਹੀ ਨਾਲ ਹਵਾਈ ਫਾਇਰ ਕਰਦਿਆਂ ਮੌਕੇ ਤੋਂ ਦੌੜ ਗਿਆ। ਫਾਇਰਿੰਗ ਤੋਂ ਬਾਅਦ ਹੋਟਲ ਸਟਾਫ ਅਤੇ ਹੋਰ ਲੋਕ ਦਹਿਸ਼ਤ ਵਿਚ ਆ ਗਏ। ਪੁਲੀਸ ਨੇ ਸੁਭਾਸ਼ ਕੁਮਾਰ ਉਰਫ਼ ਮੋਨੂੰ ਦੇ ਖ਼ਿਲਾਫ਼ ਧਾਰਾ 279/285 ਅਤੇ 336 ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।