ਅੰਬਾਂ ਦੀ ਮਹਿਕ
ਗੁਰਦੀਪ ਢੁੱਡੀ
ਸਕੂਲ ਪੜ੍ਹਦਿਆਂ (1973 ਵਿਚ ਦਸਵੀਂ ਪਾਸ ਕੀਤੀ ਸੀ) ਜਿਹੜਾ ਕੁਝ ਸਿੱਖਿਆ, ਉਹ ਵੱਡੀਆਂ ਕਿਤਾਬਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਵੀ ਨਹੀਂ ਸਿੱਖਿਆ ਜਾ ਸਕਿਆ। ਆਪਣੇ ਅਧਿਆਪਕਾਂ ਅੱਗੇ ਮੇਰਾ ਸਿਰ ਹਮੇਸ਼ਾ ਇਸੇ ਕਰ ਕੇ ਹੀ ਝੁਕਦਾ ਹੈ ਕਿ ਉਹ ਆਪਣੇ ਕੰਮ ਲਈ ਪੂਰੀ ਤਰ੍ਹਾਂ ਸਮਰਪਿਤ ਸਨ। ਆਪਣੇ ਵਿਦਿਆਰਥੀਆਂ ਦਾ ਚੌਤਰਫ਼ਾ ਵਿਕਾਸ ਉਨ੍ਹਾਂ ਵਾਸਤੇ ਹਰ ਕਾਰਜ ਤੋਂ ਵਧੇਰੇ ਉੱਤਮ ਸੀ ਅਤੇ ਉਹ ਇਸੇ ਨੂੰ ਪਵਿੱਤਰ ਸਮਝਦੇ ਸਨ। ਪਿੰਡ ਢੁੱਡੀ ਫ਼ਰੀਦਕੋਟ ਸ਼ਹਿਰ ਤੋਂ 10-12 ਕਿਲੋਮੀਟਰ ਦੂਰੀ ‘ਤੇ ਸੀ। ਤਿੰਨ ਰਸਤੇ ਫ਼ਰੀਦਕੋਟ ਤੋਂ ਪਿੰਡ ਵੱਲ ਜਾਂਦੇ ਸਨ ਅਤੇ ਤਿੰਨਾਂ ਦਾ ਹੀ ਰਸਤਾ ਥੋੜ੍ਹਾ ਥੋੜ੍ਹਾ ਭਿੰਨ ਸੀ। ਸਾਰੇ ਅਧਿਆਪਕ ਆਪੋ-ਆਪਣੇ ਸਾਈਕਲਾਂ ‘ਤੇ ਸਕੂਲ ਜਾਂਦੇ ਹੁੰਦੇ ਸਨ। ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਸਕੂਲ ਆਉਣ ਦੀ ਤਾਂ ਕਾਹਲੀ ਹੁੰਦੀ ਸੀ ਪਰ ਸਕੂਲ ਤੋਂ ਵਾਪਸ ਆਪਣੇ ਘਰ ਪਹੁੰਚਣ ਦੀ ਜਿ਼ਆਦਾ ਕਾਹਲ ਨਹੀਂ ਸੀ ਹੁੰਦੀ। ਸਕੂਲ ਸਮੇਂ ਤੋਂ ਬਾਅਦ ਵਿਦਿਆਰਥੀਆਂ ਨੂੰ ਪੜ੍ਹਾਉਣਾ, ਖਿਡਾਉਣਾ ਜਾਂ ਫਿਰ ਹੋਰ ਗਤੀਵਿਧੀਆਂ ਕਰਵਾਉਣਾ ਜਿਵੇਂ ਉਨ੍ਹਾਂ ਦੇ ਕਾਰਜ ਵਿਚ ਸ਼ਾਮਲ ਹੁੰਦਾ ਸੀ। ਉਹ ਸਾਡੇ ਅਧਿਆਪਕ ਸਨ, ਮਾਪੇ ਸਨ, ਸਾਡੇ ਰਾਹ-ਦਸੇਰੇ ਸਨ, ਗੁਰੂ ਸਨ ਅਤੇ ਜੇ ਕੋਈ ਇਸ ਤੋਂ ਵੀ ਉਚੇਰਾ ਸ਼ਬਦ ਹੋਵੇ ਤਾਂ ਮੈਂ ਉਹ ਵੀ ਵਰਤ ਸਕਦਾ ਹਾਂ।
ਉਨ੍ਹਾਂ ਦਿਨਾਂ ਵਿਚ ਸਕੂਲਾਂ ਨੂੰ ਅਪਰੈਲ ਮਹੀਨੇ ਹੀ ਵਾਢੀ ਦੀਆਂ ਛੁੱਟੀਆਂ ਹੁੰਦੀਆਂ ਸਨ। ਸਾਡੇ ਵਿਚੋਂ ਬਹੁਗਿਣਤੀ ਵਿਦਿਆਰਥੀ ਮਾਪਿਆਂ ਨਾਲ ਵਾਢੀ ਦੇ ਕੰਮ ਵਿਚ ਜੁਟ ਜਾਂਦੇ ਸਨ। ਨਾ ਪੜ੍ਹਨ ਵਾਲੇ ਅਤੇ ਕੇਵਲ ਮਿਹਨਤ ਮਜ਼ਦੂਰੀ ਕਰਨ ਵਾਲੇ ਸਾਡੇ ਨਾਲੋਂ ਉਮਰ ਵਿਚ ਕੁਝ ਵੱਡੇ ਅਤੇ ਜੁੱਸੇ ਵਿਚ ਤਕੜੇ ਮੁੰਡਿਆਂ ਵਾਸਤੇ ਇਨ੍ਹਾਂ ਦਿਨਾਂ ਵਿਚ ਸਾਡੇ ਨਾਵਾਂ ਨਾਲ ਪਾੜ੍ਹਾ ਸ਼ਬਦ ਲਾ ਕੇ ਛੇੜਨਾ ਇਕ ਕਿਸਮ ਦਾ ਹਾਸੇ ਠੱਠੇ ਦਾ ਜ਼ਰੀਆ ਸੀ। ‘ਖੁੱਚ ਤਿਲਕਦੀ ਹੈ, ਪਾੜ੍ਹਿਆ ਦਾਤੀ ਨੂੰ ਖਿੱਚੀ ਆ, ਇਹੀ ਵੇਲਾ ਹੁੰਦੈ ਕੰਮ ਨਿਬੇੜਨ ਦਾ, ਰਿੜ੍ਹਿਆ ਆ ਜ਼ਰ੍ਹਾ ਤੇਜ਼ੀ ਨਾਲ।’ ਕਹਿੰਦਿਆਂ ਸਾਨੂੰ ਪੜ੍ਹਨ ਵਾਲਿਆਂ ਨੂੰ ਵੰਗਾਰਨਾ ਉਨ੍ਹਾਂ ਦੇ ਮਨੋਰੰਜਨ ਵਾਸਤੇ ਕਾਫ਼ੀ ਹੁੰਦਾ ਸੀ। ਜੇ ਕਣਕ ਕੱਢਣ ਵਾਲੀਆਂ ਮਸ਼ੀਨਾਂ ਚੱਲਦੀਆਂ ਹੋਣੀਆਂ ਤਾਂ ‘ਪਾੜ੍ਹੇ ਦੇ ਸਿਰ ‘ਤੇ ਪੰਡ ਰੱਖੋ, ਹੋਰ ਚਹੁੰ ਦਿਨਾਂ ਨੂੰ ਤਾਂ ਇਸ ਨੇ ਟਾਹਲੀਆਂ ਦੀ ਛਾਂ ਹੀ ਮਾਣਨੀ ਹੈ’ ਜਾਂ ਫਿਰ ‘ਇਸ ਨੂੰ ਰੁੱਗ ਲਾਉਣ ਲਾਓ, ਚੰਗਾ ਰੁੱਗ ਲਾਵੇਗਾ’ ਕਹਿ ਕੇ ਉਹ ਆਨੰਦਤ ਹੋਏ ਮਹਿਸੂਸ ਕਰਦੇ ਸਨ। ਵਾਢੀ ਦੀਆਂ ਛੁੱਟੀਆਂ ਸਮਾਪਤ ਹੋਣ ਤੱਕ ਵਾਢੀ ਦਾ ਕੰਮ ਵੀ ਵਾਹਵਾ ਘੱਟ ਜਾਂਦਾ ਅਤੇ ਅਸੀਂ ਸਕੂਲਾਂ ਵਿਚ ਆ ਜਾਣਾ। ਥੋੜ੍ਹੇ ਦਿਨਾਂ ਦੀ ਸੁਸਤੀ ਤੋਂ ਬਾਅਦ ਸਕੂਲ ਦੇ ਵਾਤਾਵਰਨ ਵਿਚ ਮੁੜ ਆਉਣਾ। ਅਧਿਆਪਕਾਂ ਦੀ ਕੋਸ਼ਿਸ਼ ਹੁੰਦੀ ਕਿ ਪਹਿਲੀ ਛਿਮਾਹੀ ਦੇ ਸਿਲੇਬਸ ਨੂੰ ਖਿੱਚ ਲਿਆ ਜਾਵੇ। ਦੋ ਕੁ ਮਹੀਨਿਆਂ ਦੇ ਵਕਫ਼ੇ ਬਾਅਦ ਗਰਮੀਆਂ ਦੀਆਂ ਡੇਢ ਮਹੀਨੇ ਦੀਆਂ ਛੁੱਟੀਆਂ ਆ ਜਾਣੀਆਂ।
ਉਹ ਦਿਨ ਯਾਦ ਹੈ ਜਦੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਦਾ ਆਖ਼ਰੀ ਦਿਨ ਸੀ। ਛੁੱਟੀਆਂ ਦਾ ਕੰਮ (ਹੋਮ ਵਰਕ) ਦੱਸਿਆ ਜਾ ਚੁੱਕਿਆ ਸੀ ਅਤੇ ਸਵੇਰ ਦੀ ਸਭਾ ਵਿਚ ਗਿਆਨੀ ਜੀ ਅਤੇ ਮੁੱਖ ਅਧਿਆਪਕ ਜੀ ਨੇ ਜ਼ਰੂਰੀ ਹਦਾਇਤਾਂ ਦੇ ਦਿੱਤੀਆਂ। ਅੱਧੀ ਛੁੱਟੀ ਵੇਲੇ ਅਧਿਆਪਕਾਂ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਸੀ। ਸ਼ਹਿਰੋਂ ਚੂਪਣ ਵਾਲੇ ਅੰਬ ਮੰਗਵਾਏ ਗਏ ਸਨ ਅਤੇ ਦੁੱਧ ਪਿੰਡ ਵਿਚੋਂ ਮੰਗਵਾ ਲਿਆ ਸੀ। ਪੰਜਵੇਂ ਪੀਰੀਅਡ ਵਿਚ ਜਿੱਥੇ ਇਕ ਪਾਸੇ ਖੰਡ ਅਤੇ ਦੁੱਧ ਨਾਲ ਕੱਚੀ ਲੱਸੀ ਬਣਾਈ ਜਾ ਰਹੀ ਸੀ, ਉੱਥੇ ਸਾਨੂੰ ਦਰਖ਼ਤਾਂ ਦੀ ਛਾਵੇਂ ਕਲਾਸਾਂ ਅਨੁਸਾਰ ਬੈਠਣ ਦਾ ਹੁਕਮ ਆ ਚੁੱਕਿਆ ਸੀ। ਸਾਡੇ ਕਲਾਸ ਇੰਚਾਰਜ ਸਾਡੀਆਂ ਜਮਾਤਾਂ ਵਿਚ ਆ ਗਏ ਅਤੇ ਫ਼ਰਮਾਨ ਜਾਰੀ ਕੀਤਾ, “ਸਾਰਿਆਂ ਨੇ ਧਿਆਨ ਰੱਖਣਾ ਹੈ। ਅੰਬ ਚੂਪਣੇ ਹਨ ਪਰ ਕਿਸੇ ਦੇ ਵੀ ਕੱਪੜੇ ਲਿਬੜਨੇ ਨਹੀਂ ਚਾਹੀਦੇ। ਜਿਹੜੇ ਵਿਦਿਆਰਥੀ ਦੇ ਕੱਪੜੇ ਨਾ ਲਿੱਬੜੇ ਅਤੇ ਜਿਸ ਨੇ ਅੰਬਾਂ ਦੀ ਛਿਲਕ ਤੇ ਗਿਟਕ ਨੂੰ ਟਿਕਾਣੇ ਸਿਰ ਲਾ ਦਿੱਤਾ, ਉਸ ਦੀ ਚੋਣ ਕੀਤੀ ਜਾਵੇਗੀ ਅਤੇ ਉਸ ਨੂੰ ਸਨਮਾਨਿਤ ਕੀਤਾ ਜਾਵੇਗਾ।”
ਅੰਬ ਸਾਡੇ ਵਾਸਤੇ ਬੜੀ ਮੁਸ਼ਕਿਲ ਨਾਲ ਮਿਲਣ ਵਾਲਾ ਫ਼ਲ ਸੀ ਅਤੇ ਇਸ ਤਰ੍ਹਾਂ ਖਾਣ ਦਾ ਮੌਕਾ ਵੀ ਬੜੀ ਮੁਸ਼ਕਿਲ ਨਾਲ ਹੀ ਨਸੀਬ ਹੋਇਆ ਸੀ। ਅਧਿਆਪਕਾਂ ਦੀਆਂ ਹਦਾਇਤਾਂ ਦੇ ਇਲਾਵਾ ਅਸੀਂ ਕੁੜੀਆਂ ਵਾਂਗ ਲੁਕੋ ਕੇ ਖਾਣ ਵਾਲੇ ਬੜੀ ਔਖ ਨਾਲ ਆਪਣਾ ਕੰਮ ਨਿਬੇੜ ਰਹੇ ਸਾਂ। ਸਾਡੇ ਵਿਚ ਕੱਦ ਕਾਠ ਅਤੇ ਉਮਰੋਂ ਵੱਡੇ ਮੁੰਡੇ ਅਕਸਰ ਸ਼ਰਾਰਤਾਂ ਕਰਦੇ ਹੁੰਦੇ ਸਨ। ਕਦੇ ਕਦੇ ਇਨ੍ਹਾਂ ਨੂੰ ਭਾਵੇਂ ਸਜ਼ਾ ਮਿਲ ਜਾਂਦੀ ਸੀ ਪਰ ਇਹ ਫਿਰ ਵੀ ਉਭਰ ਕੇ ਸਾਹਮਣੇ ਆ ਜਾਂਦੇ ਸਨ। ਇਸ ਦਿਨ ਵੀ ਉਨ੍ਹਾਂ ਨੇ ਆਪਣਾ ਕੰਮ ਕੀਤਾ। ਅੰਬ ਉਹ ਸਣੇ ਛਿਲਕੇ ਹੀ ਖਾ ਗਏ ਅਤੇ ਗਿਟਕਾਂ ਨੂੰ ਬੜੀ ਚੁਸਤੀ ਨਾਲ ਇਧਰ-ਉੁਧਰ ਸਾਡੇ ਨੇੜੇ ਕਰ ਦਿੱਤਾ। ਨਤੀਜੇ ਵੇਲੇ ਉਨ੍ਹਾਂ ਵਿਚੋਂ ਜਿ਼ਆਦਾ ਚਲਾਕ ਬਾਜ਼ੀ ਮਾਰ ਗਏ ਅਤੇ ਅਸੀਂ ਦੁਬਕੇ ਹੋਇਆਂ ਨੇ ਅਧਿਆਪਕਾਂ ਨੂੰ ਕੁਝ ਦੱਸਿਆ ਵੀ ਨਾ।
ਹੁਣ ਉਮਰ ਦੇ ਸੱਤਵੇਂ ਦਹਾਕੇ ਵਿਚ ਪਹੁੰਚ ਕੇ ਜਿੱਥੇ ਸਕੂਲ ਵੇਲੇ ਦੀ ਇਸ ਗੱਲ ਦਾ ਵਿਸ਼ਲੇਸ਼ਣ ਕਰੀਦਾ ਹੈ, ਉੱਥੇ ਇਹ ਵੀ ਜਾਣੀਦਾ ਹੈ ਕਿ ਇਸ ਤਰ੍ਹਾਂ ਦੇ ਬਾਜ਼ੀ ਮਾਰਨ ਵਾਲੇ ਹੁਣ ਵੀ ਸਾਡੇ ਆਲ਼ੇ-ਦੁਆਲ਼ੇ ਹਨ।
ਸੰਪਰਕ: 95010-20731