ਅੰਤਰ ਜ਼ਿਲ੍ਹਾ ਟੂਰਨਾਮੈਂਟ ’ਚ ਬਰਨਾਲਾ ਦੀ ਕ੍ਰਿਕਟ ਟੀਮ ਜੇਤੂ
ਰਵਿੰਦਰ ਰਵੀ
ਬਰਨਾਲਾ, 28 ਮਈ
ਬਰਨਾਲਾ ਦੀ ਅੰਡਰ-19 ਮੁੰਡਿਆਂ ਦੀ ਕ੍ਰਿਕਟ ਟੀਮ ਨੇ ਪੰਜਾਬ ਸਟੇਟ ਅੰਤਰ ਜ਼ਿਲ੍ਹਾ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਲੁਧਿਆਣਾ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਹੈ। ਟਰਾਈਡੈਂਟ ਦੇ ਖੇਡ ਮੈਦਾਨ ’ਚ 25-26 ਮਈ ਨੂੰ ਹੋਏ ਲੀਗ ਮੈਚ ’ਚ ਇਹ ਜਿੱਤ ਦਰਜ ਕੀਤੀ ਗਈ।
ਲੁਧਿਆਣਾ ਨੇ ਟਾਸ ਜਿੱਤ ਕੇ ਬਰਨਾਲਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ’ਤੇ ਬਰਨਾਲਾ ਨੇ 198 ਦੌੜਾਂ ਬਣਾਈਆਂ। ਸੁੱਖ ਸਹਿਜ ਨਾਰੰਗ ਨੇ ਨਾਬਾਦ ਰਹਿੰਦਿਆਂ 54 ਦੌੜਾਂ ਬਣਾਈਆਂ, ਜਦਕਿ ਕਪਤਾਨ ਦੇਵਿਕ ਗੋਚਰ ਨੇ 40 ਦੌੜਾਂ ਦਾ ਯੋਗਦਾਨ ਦਿੱਤਾ। ਲੁਧਿਆਣਾ ਵੱਲੋਂ ਨਵੀਨ ਵਰਮਾ ਨੇ ਗੇਂਦਬਾਜ਼ੀ ਕਰਦਿਆਂ 7 ਵਿਕਟਾਂ ਲਈਆਂ। ਲੁਧਿਆਣਾ ਦੀ ਟੀਮ ਨੇ 198 ਦੌੜਾਂ ਦਾ ਟੀਚਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੂਰੀ ਟੀਮ 187 ਦੌੜਾਂ ’ਤੇ ਆਲ ਆਊਟ ਹੋ ਗਈ। ਅਗਲਾ ਮੈਚ 29-30 ਮਈ 2025 ਨੂੰ ਬਰਨਾਲਾ ਦੇ ਟਰਾਈਡੈਂਟ ਦੇ ਖੇਡ ਮੈਦਾਨ ਵਿਖੇ ਹੀ ਹੋਵੇਗਾ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ, ਜਨਰਲ ਸਕੱਤਰ ਰੁਪਿੰਦਰ ਗੁਪਤਾ ਅਤੇ ਖ਼ਜ਼ਾਨਚੀ ਸੰਜੇ ਗਰਗ ਵੱਲੋਂ ਪੂਰੀ ਟੀਮ ਅਤੇ ਕੋਚਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਤੇ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ੍ਰੀ ਰਾਜਿੰਦਰ ਗੁਪਤਾ ਦਾ ਖਾਸ ਧੰਨਵਾਦ ਕੀਤਾ ਗਿਆ।