ਅੰਤਰਰਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਜਾਗਰੂਕਤਾ ਸਮਾਗਮ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਜੂਨ
ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਵਿੱਚ ਜੀਟੀ ਰੋਡ ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਯੋਗ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਆਦੇਸ਼ ਹਸਪਤਾਲ ਦੇ ਨਿਰਦੇਸ਼ਕ ਡਾ. ਗੁਣਤਾਸ ਸਿੰਘ ਗਿੱਲ ਤੇ ਪ੍ਰਿੰਸੀਪਲ ਡਾ. ਐੱਨਐੱਸ ਲਾਂਬਾ ਨੇ ਸ਼ਿਰਕਤ ਕੀਤੀ। ਉਨ੍ਹਾਂ ਇਸ ਮੌਕੇ ਮੌਜੂਦ ਨੌਜਵਾਨਾਂ ਨੂੰ ਯੋਗ ਨੂੰ ਨਿੱਤ ਦੀ ਜੀਵਨ ਸ਼ੈਲੀ ਵਿਚ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਆਯੋਜਨ ਕਮਿਊਨਟੀ ਮੈਡੀਸਨ ਵਿਭਾਗ ਵਲੋਂ ਵਿਭਾਗ ਦੇ ਮੁਖੀ ਡਾ. ਵਿਕਰਾਂਤ ਪ੍ਰਭਾਕਰ ਦੀ ਦੇਖ ਰੇਖ ਵਿਚ ਹੋਇਆ। ਇਸ ਦਾ ਸੰਚਾਲਨ ਡਾ. ਵਿਜੈ ਵਿਵੇਕ, ਡਾ. ਨੇਹਾ ਗੌਰ ਅਤੇ ਡਾ. ਪ੍ਰਾਂਜਲ ਧੀਰ ਨੇ ਕੀਤਾ। ਇਸ ਵਿਚ ਡਾ. ਸੁਸ਼ੀਲ ਦਲਾਲ ਤੇ ਡਾ. ਪਰਮਾਲ ਸੈਣੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਆਯੂਸ਼ ਵਿਭਾਗ ਅੰਬਾਲਾ ਤੇ ਹਰਿਆਣਾ ਯੋਗ ਆਯੋਗ ਦੇ ਸਹਿਯੋਗ ਤੇ ਇਸ ਪ੍ਰੋਗਰਾਮ ਵਿਚ ਆਏ ਕਈ ਯੋਗ ਮਾਹਿਰਾਂ ਤੇ ਬੁਲਾਰਿਆਂ ਨੇ ਵੀ ਆਪਣੀ ਹਾਜ਼ਰੀ ਲਵਾਈ। ਯੋਗ ਗੁਰੂ ਪੰਕਜ ਕੁਮਾਰ ਨੇ ਯੋਗਾਸਨ, ਪ੍ਰਾਣਾਯਾਮ ਦਾ ਜੀਵੰਤ ਪ੍ਰਦਰਸ਼ਨ ਕੀਤਾ। ਯੋਗ ਨੂੰ ਲੈ ਕੇ ਬੁਲਾਰਿਆਂ ਚ ਅੰਬਾਲਾ ਤੋਂ ਆਯੂਵੈਦਿਕ ਮੈਡੀਕਲ ਅਫਸਰ ਡਾ. ਸਮੀਧਾ ਸ਼ਰਮਾ, ਬ੍ਰਹਮਾਕੁਮਾਰੀ ਪ੍ਰੀਤੀ ਭੈਣ, ਡਾ਼ ਵਿਰੰਦਾ, ਆਯੂਰਵੈਦਿਕ ਮੈਡੀਕਲ ਅਫਸਰ ਤੇ ਡਾ. ਨਿਧੀਸ਼ ਕੁਮਾਰ ਯਾਦਵ ਨੇ ਸਭ ਨੂੰ ਯੋਗ ਦੇ ਸਰੀਰਕ, ਮਾਨਸਿਕ ਤੇ ਅਧਿਅਤਮਿਕ ਲਾਭਾਂ ਤੇ ਚਾਨਣਾ ਪਾਇਆ।
ਵਿਦਿਆਰਥੀਆਂ, ਫੈਕਲਟੀ ਤੇ ਹਸਪਤਾਲ ਤੇ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੂੰ ਯੋਗ ਦਿਵਸ ਦੀ ਮਹੱਤਤਾ ਦੇ ਨਾਲ-ਨਾਲ ਜ਼ਿੰਦਗੀ ਨੂੰ ਸਫ਼ਲ ਬਣਾਉਣ ਲਈ ਵੀ ਜਾਣਕਾਰੀ ਦਿੱਤੀ ਗਈ।
ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਸਬੰਧੀ ਨੁੱਕੜ ਮੀਟਿੰਗ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਬ੍ਰਹਮ ਸਰੋਵਰ ਕੁਰੂਕਸ਼ੇਤਰ ਵਿੱਚ 21 ਜੂਨ ਨੂੰ ਮਨਾਏ ਜਾਣ ਵਾਲੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਦਰਭ ਵਿਚ ਬਾਬੈਨ ਦੇ ਕਿਸਾਨ ਆਰਾਮ ਘਰ ਵਿੱਚ ਮੀਟਿੰਗ ਹੋਈ। ਇਸ ਵਿਚ ਪਤੰਜਲੀ ਯੋਗ ਪੀਠ ਦੇ ਉੱਤਰ ਪੂਰਬ ਦੇ ਮੁੱਖ ਕੇਂਦਰੀ ਇੰਚਾਰਜ ਰਾਕੇਸ਼ ਭਰਤ ਨੇ ਸ਼ਿਰਕਤ ਕੀਤੀ। ਉਨਾਂ ਕਿਹਾ ਕਿ 21 ਜੂਨ ਨੂੰ ਬ੍ਰਹਮ ਸਰੋਵਰ ਕੁਰੂਕਸ਼ੇਤਰ ਵਿਖੇ ਯੋਗ ਕੈਂਪ ਲਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾ ਕਿਹਾ ਕਿ ਯੋਗ ਕੈਂਪ ਨੂੰ ਇਤਿਹਾਸਕ ਬਣਾਉਣ ਲਈ ਸਾਰਿਆਂ ਨੂੰ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਤੰਜਲੀ ਯੋਗ ਪੀਠ ਦੇ ਕਾਰਕੁਨ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਯੋਗ ਦਿਵਸ ਵਿੱਚ ਆਉਣ ਸਬੰਧੀ ਜਾਗਰੂਕ ਕਰਨ ਦੇ ਨਾਲ-ਨਾਲ ਯੋਗ ਦੇ ਲਾਭਾਂ ਬਾਰੇ ਜਾਣਕਾਰੀ ਦੇ ਰਹੇ ਹਨ। ਇਸ ਮੌਕੇ ਸੈਣੀ ਸਮਾਜ ਸਭਾ ਦੇ ਪ੍ਰਧਾਨ ਗੁਰਨਾਮ ਉਦਾਰਸੀ, ਸਾਬਕਾ ਚੇਅਰਮੈਨ ਬਲਦੇਵ ਸੈਣੀ,ਅਸ਼ਵਨੀ ਮਿਸ਼ਰਾ, ਬਾਬੈਨ ਦੇ ਸਰਪੰਚ ਸੰਜੀਵ ਸਿੰਗਲਾ, ਨਾਇਬ ਸਿੰਘ ਪਟਾਕ ਮਾਜਰਾ, ਭਾਜਪਾ ਮੰਡਲ ਪ੍ਰਧਾਨ ਵਿਕਾਸ ਸ਼ਰਮਾ ਮੌਜੂਦ ਸਨ।