ਐੱਮਪੀ ਮੀਤ ਹੇਅਰ ਨੇ ਨਵੀਂ ਐਂਬੂਲੈਂਸ ਨੂੰ ਦਿਖਾਈ ਹਰੀ ਝੰਡੀ
ਬਰਨਾਲਾ, 16 ਜੂਨ
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਉਣ ਮੌਕੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਅਤੇ ਸਮਾਂਬੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਤਹਿਤ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਆਮ ਆਦਮੀ ਕਲੀਨਿਕਾਂ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ ਟੀ ਬੈਨਿਥ ਦੀ ਹਾਜ਼ਰੀ ਵਿੱਚ ਐਂਬੂਲੈਂਸ ਦੀਆਂ ਚਾਬੀਆਂ ਸਿਵਲ ਸਰਜਨ ਡਾ. ਬਲਜੀਤ ਸਿੰਘ ਨੂੰ ਸੌਂਪੀਆਂ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਉਪਰਾਲੇ ਅਤੇ ਸੁਧਾਰ ਕੀਤੇ ਜਾ ਰਹੇ ਹਨ, ਪਰ ਸਮਾਜ ਸੇਵੀਆਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਕਰੀਬ 16 ਲੱਖ ਦੀ ਐਂਬੂਲੈਂਸ ਦਾਨ ਕਰਨ ਲਈ ਦਾਨੀ ਸੱਜਣ ਬਲਤੇਜ ਸਿੰਘ ਭੁੱਲਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਐੱਮਪੀ ਮੀਤ ਹੇਅਰ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਜ਼ਿਲ੍ਹੇ ਦੇ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਅਤੇ ਸਹੂਲਤਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਐਮਰਜੈਂਸੀ ਸਹੂਲਤਾਂ ਜਿੰਨੀਆਂ ਜ਼ਿਆਦਾ ਹੋਣ, ਓਨਾ ਹੀ ਬਿਹਤਰ ਹੈ ਕਿਉਂਕਿ ਮਰੀਜ਼ ਲਈ ਪਹਿਲਾਂ ਇੱਕ ਘੰਟਾ ਬਹੁਤ ਅਹਿਮ ਹੁੰਦਾ ਹੈ, ਜਿਸ ਦੌਰਾਨ ਜੇਕਰ ਸਮੇਂ ’ਤੇ ਇਲਾਜ ਹੋਵੇ ਤਾਂ ਕੀਮਤੀ ਜਾਨਾਂ ਬਚ ਸਕਦੀਆਂ ਹਨ। ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਪ੍ਰਧਾਨ ਨਗਰ ਕੌਂਸਲ ਗੁਰਜੀਤ ਸਿੰਘ ਰਾਮਨਵਾਸੀਆ, ਸੁਖਮਿੰਦਰ ਸਿੰਘ, ਹਾਕਮ ਸਿੰਘ ਅਤੇ ਗੁਰਤੇਜ ਸਿੰਘ ਭੁੱਲਰ ਵੀ ਹਾਜ਼ਰ ਸਨ।