ਆਰਐੱਸਐੱਸ ਤੇ ਭਾਜਪਾ ਕਾਰਕੁਨਾਂ ਵੱਲੋਂ ਤੁਸ਼ਾਰ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ
ਕੇਰਲ ਦੇ ਤਿਰੂਵਨੰਤਪੁਰਮ ’ਚ ਆਰਐੱਸਐੱਸ ਅਤੇ ਭਾਜਪਾ ਕਾਰਕੁਨਾਂ ਨੇ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਤੁਸ਼ਾਰ ਗਾਂਧੀ ਤੋਂ ਆਰਐੱਸਐੱਸ ਖ਼ਿਲਾਫ਼ ਕੀਤੀ ਟਿੱਪਣੀ ਵਾਪਸ ਲੈਣ ਦੀ ਮੰਗ ਕੀਤੀ। ਪੁਲੀਸ ਨੇ ਦੱਸਿਆ ਕਿ ਸੰਘ ਪਰਿਵਾਰ ਨਾਲ ਕਥਿਤ ਤੌਰ ’ਤੇ ਜੁੜੇ ਕੁਝ ਲੋਕਾਂ ਨੇ ਇਥੇ ਕਰਵਾਏ ਸਮਾਗਮ ਦੀ ਸਮਾਪਤੀ ਮਗਰੋਂ ਤੁਸ਼ਾਰ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤੁਸ਼ਾਰ ਗਾਂਧੀ ਇਥੇ ਮਰਹੂਮ ਪੀ. ਗੋਪੀਨਾਥਨ ਨਾਇਰ ਦੇ ਬੁੱਤ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਆਪਣੇ ਸੰਬੋਧਨ ਦੌਰਾਨ ਤੁਸ਼ਾਰ ਗਾਂਧੀ ਨੇ ਕਿਹਾ ਕਿ ਯੂਡੀਐੱਫ ਅਤੇ ਐੱਲਡੀਐੱਫ ਨੂੰ ਆਪਸੀ ਕਲੇਸ਼ ਛੱਡ ਕੇ ਇਹ ਸਮਝਣ ਦੀ ਲੋੜ ਹੈ ਕਿ ਆਰਐੱਸਐੱਸ ਅਤੇ ਭਾਜਪਾ ਦੇ ਰੂਪ ’ਚ ਬਹੁਤ ਵੱਡਾ ਤੇ ਖਤਰਨਾਕ ਦੁਸ਼ਮਣ ਕੇਰਲ ’ਚ ਦਾਖ਼ਲ ਹੋ ਚੁੱਕਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਭਾਜਪਾ ਨੂੰ ਹਰਾਉਣ ’ਚ ਕਾਮਯਾਬ ਹੋ ਜਾਵਾਂਗੇ ਪਰ ਆਰਐੱਸਐੱਸ ਜ਼ਹਿਰ ਹੈ, ਸਾਨੂੰ ਇਸ ਖ਼ਿਲਾਫ਼ ਚੌਕਸ ਰਹਿਣ ਦੀ ਲੋੜ ਹੈ। ਜੇ ਇਹ ਇਥੇ ਫੈਲ ਗਿਆ ਸਭ ਕੁਝ ਖਤਮ ਹੋ ਜਾਵੇਗਾ।’’ ਤੁਸ਼ਾਰ ਗਾਂਧੀ ਨੇ ਇਨ੍ਹਾਂ ਤਾਕਤਾਂ ਵਿਰੁੱਧ ਲੜਨ ਦਾ ਸੱਦਾ ਦਿੱਤਾ। ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦੌਰਾਨ ਤੁਸ਼ਾਰ ਉਥੋਂ ‘ਗਾਂਧੀ ਜੀ ਦੀ ਜੈ’ ਦਾ ਨਾਅਰਾ ਲਗਾ ਕੇ ਚਲੇ ਗਏ ਅਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਆਪਣੇ ਬਿਆਨ ’ਤੇ ਕਾਇਮ ਹਨ। ਤੁਸ਼ਾਰ ਨੇ ਇਹ ਵੀ ਕਿਹਾ ਕਿ ਉਹ ਆਰਐੱਸਐੱਸ ਅਤੇ ਭਾਜਪਾ ਵਰਕਰਾਂ ਖ਼ਿਲਾਫ਼ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਨਗੇ। ਕਾਂਗਰਸ ਨੇ ਇਸ ਮੁੱਦੇ ’ਤੇ ਤੁਸ਼ਾਰ ਗਾਂਧੀ ਦੀ ਹਮਾਇਤ ਕੀਤੀ ਹੈ। ਵਿਰੋਧੀ ਨੇਤਾ ਵੀਡੀ ਸਤੀਸ਼ਨ ਨੇ ਦੋਸ਼ ਲਾਇਆ ਕਿ ਤੁਸ਼ਾਰ ਗਾਂਧੀ ਖ਼ਿਲਾਫ਼ ਪ੍ਰਦਰਸ਼ਨ ਕਰਨਾ ਮਹਾਤਮਾ ਗਾਂਧੀ ਦਾ ਅਪਮਾਨ ਹੈ। ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸੁਧਾਕਰਨ ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। -ਪੀਟੀਆਈ