ਗੁਰਦੀਪ ਸਿੰਘ ਟੱਕਰਮਾਛੀਵਾੜਾ, 10 ਜਨਵਰੀਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਦੌਰਾਨ ਅੱਜ ਆਮ ਆਦਮੀ ਪਾਰਟੀ ਦੇ ਮੋਹਿਤ ਕੁੰਦਰਾ ਬਹੁਮਤ ਨਾਲ ਪ੍ਰਧਾਨ ਚੁਣੇ ਗਏ ਜਦਕਿ ਸੀਨੀਅਰ ਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ ਅਜੇ ਫਿਲਹਾਲ ਟਾਲ ਦਿੱਤੀ ਗਈ। ਚੋਣ ਅਧਿਕਾਰੀ ਐੱਸਡੀਐੱਮ ਰਜਨੀਸ਼ ਅਰੋੜਾ ਦੀ ਨਿਗਰਾਨੀ ਹੇਠ ਅੱਜ ਪ੍ਰਧਾਨ ਅਹੁਦੇ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਹੋਈ ਜਿਸ ਵਿੱਚ ‘ਆਪ’ ਦੇ 10, 2 ਕਾਂਗਰਸ, 2 ਅਕਾਲੀ ਦਲ ਅਤੇ 1 ਅਜ਼ਾਦ ਉਮੀਦਵਾਰ ਸਮੇਤ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਹਾਜ਼ਰ ਸਨ।ਪ੍ਰਧਾਨ ਦੀ ਚੋਣ ਵੋਟਿੰਗ ਦੌਰਾਨ ਇੱਕ ਕੌਂਸਲਰ ਨੇ ਮੋਹਿਤ ਕੁੰਦਰਾ ਦੇ ਨਾਮ ਦੀ ਪੇਸ਼ਕਸ ਕੀਤੀ ਜਿਸ ’ਤੇ ਚੋਣ ਅਧਿਕਾਰੀ ਨੇ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਈ। ਇਸ ਚੋਣ ਪ੍ਰਕਿਰਿਆ ਵਿੱਚ 11 ਕੌਂਸਲਰਾਂ ਨੇ ਮੋਹਿਤ ਕੁੰਦਰਾ ਦੇ ਹੱਕ ਵਿੱਚ ਵੋਟ ਪਾਈ ਅਤੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵੀ ਇਸ ਦਾ ਸਮਰਥਨ ਕੀਤਾ। ਦੂਸਰੇ ਪਾਸੇ ‘ਆਪ’ ਦੇ 4 ਕੌਂਸਲਰਾਂ ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਮੱਕੜ, ਪਰਮਿੰਦਰ ਕੌਰ ਤਨੇਜਾ ਤੇ ਰਵਿੰਦਰਜੀਤ ਕੌਰ ਨੇ ਬਗਾਵਤ ਕਰਦਿਆਂ ਕੁੰਦਰਾ ਲਈ ਅਸਹਿਮਤੀ ਪ੍ਰਗਟਾਈ। 11 ਕੌਂਸਲਰ ਤੇ 1 ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਸਮਰਥਨ ਨਾਲ ਮੋਹਿਤ ਕੁੰਦਰਾ ਬਹੁਮਤ ਨਾਲ ਨਗਰ ਕੌਂਸਲ ਮਾਛੀਵਾੜਾ ਦੇ ਨਵੇਂ ਪ੍ਰਧਾਨ ਚੁਣੇ ਗਏ। ਐੱਸਡੀਐੱਮ ਰਜਨੀਸ਼ ਅਰੋੜਾ ਨੇ ਦੱਸਿਆ ਕਿ ਚੋਣ ਸ਼ਾਂਤਮਈ ਢੰਗ ਨਾਲ ਹੋਈ ਅਤੇ ਸੀਨੀਅਰ ਤੇ ਜੂਨੀਅਰ ਉਪ ਪ੍ਰਧਾਨ ਦੀ ਚੋਣ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵੀ ਮੌਜੂਦ ਸਨ।ਮਾਛੀਵਾੜਾ ਸ਼ਹਿਰ ਦੀ ਇਤਿਹਾਸਕ ਮਹਾਨਤਾ ਬਰਕਰਾਰ ਰੱਖਣਾ ਮੁੱਖ ਉਦੇਸ਼: ਕੁੰਦਰਾ ਨਵੇਂ ਬਣੇ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਬੇਸ਼ੱਕ ਮਾਛੀਵਾੜਾ ਨੂੰ ਸਾਹਿਬ ਦਾ ਨਾਮ ਮਿਲ ਗਿਆ ਹੈ ਪਰ ਜੋ ਦਰਜਾ ਚਾਹੀਦਾ ਹੈ ਉਹ ਹਾਲੇ ਨਹੀਂ ਮਿਲਿਆ। ਸ਼ਹਿਰ ਦੀ ਇਤਿਹਾਸਕ ਮਹਾਨਤਾ ਨੂੰ ਬਹਾਲ ਰੱਖਣਾ ਅਤੇ ਇਸ ਦਾ ਸਰਵਪੱਖੀ ਵਿਕਾਸ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਜੋ ਸਮੱਸਿਆਵਾਂ ਹਨ ਉਨ੍ਹਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਦੀ ਮੰਗ ਅਨੁਸਾਰ ਹਰੇਕ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਜਾਣਗੇ।ਪ੍ਰਧਾਨ ਦੀ ਚੋਣ ਸਾਡੀ ਸਹਿਮਤੀ ਤੋਂ ਬਿਨਾ ਹੋਈ: ਜਗਮੀਤ ਮੱਕੜਕੌਂਸਲ ਪ੍ਰਧਾਨ ਦੀ ਚੋਣ ਮਗਰੋਂ ‘ਆਪ’ ਨਾਲ ਸਬੰਧਿਤ ਕੌਂਸਲਰ ਜਗਮੀਤ ਸਿੰਘ ਮੱਕੜ, ਨਗਿੰਦਰਪਾਲ ਸਿੰਘ ਮੱਕੜ, ਪਰਮਿੰਦਰ ਕੌਰ ਤਨੇਜਾ ਤੇ ਰਵਿੰਦਰਜੀਤ ਕੌਰ ਨੇ ਕਿਹਾ ਕਿ ਇਹ ਪ੍ਰਧਾਨ ਸਾਡੀ ਸਹਿਮਤੀ ਤੋਂ ਬਿਨਾਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਦੀ ਸਹਿਮਤੀ ਨਾ ਲਏ ਜਾਣ ਕਰਕੇ ਉਨ੍ਹਾਂ ਅੱਜ ਦੀ ਚੋਣ ਦਾ ਬਾਈਕਾਟ ਕੀਤਾ ਹੈ।ਕਾਂਗਰਸੀ ਕੌਂਸਲਰਾਂ ਖ਼ਿਲਾਫ਼ ਹੋਵੇਗੀ ਅਨੁਸ਼ਾਸਨੀ ਕਾਰਵਾਈ: ਰਾਜਾ ਗਿੱਲਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਉਨ੍ਹਾਂ ਕਦੇ ‘ਆਪ’ ਨੂੰ ਸਮਰਥਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਫੈਸਲੇ ਖ਼ਿਲਾਫ਼ ਜਾ ਕੇ ‘ਆਪ’ ਨੂੰ ਸਮਰਥਨ ਦੇਣ ਵਾਲੇ ਦੋਵੇਂ ਕੌਂਸਲਰਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।