ਅਹਿਮਦਾਬਾਦ ਹਾਦਸੇ ਪਿੱਛੇ ਕਈ ਅਣਸੁਲਝੇ ਸਵਾਲ: ਵਿੱਜ
ਅੰਬਾਲਾ, 14 ਜੂਨ
ਅਹਿਮਦਾਬਾਦ ਹਵਾਈ ਹਾਦਸੇ ਬਾਰੇ ਗੱਲਬਾਤ ਕਰਦਿਆਂ ਭਾਰਤੀ ਹਵਾਈ ਸੈਨਾ ਤੋਂ ਸੇਵਾਮੁਕਤ ਵਿੰਗ ਕਮਾਂਡਰ ਐੱਸਡੀ ਵਿੱਜ ਨੇ ਕਿਹਾ ਕਿ ਦੋਵੇਂ ਇੰਜਣ ਇਕੱਠੇ ਫੇਲ੍ਹ ਹੋ ਜਾਣਾ ਬੜੀ ਹੀ ਦੁਰਲਭ ਘਟਨਾ ਹੈ ਪਰ ਪਿਛਲੇ ਇਤਿਹਾਸ ਵਿੱਚ ਅਜਿਹੀਆਂ ਕੁਝ ਘਟਨਾਵਾਂ ਹੋਈਆਂ ਹਨ। ਉਨ੍ਹਾਂ ‘ਮਿਰੈਕਲ ਆਨ ਹਡਸਨ’ ਦੀ ਉਦਾਹਰਨ ਦਿੱਤੀ, ਜਿਸ ਵਿੱਚ ਪੰਛੀਆਂ ਨਾਲ ਟਕਰਾ ਕੇ ਦੋਵੇਂ ਇੰਜਣ ਬੰਦ ਹੋ ਗਏ ਸਨ ਪਰ ਪਾਇਲਟ ਨੇ ਸਮਝਦਾਰੀ ਨਾਲ ਜਹਾਜ਼ ਨੂੰ ਦਰਿਆ ਵਿੱਚ ਉਤਾਰ ਲਿਆ। ਇਨ੍ਹਾਂ ਤੋਂ ਇਲਾਵਾ ਏਅਰ ਟਰਾਂਸਾਟ ਦੀ ਉਡਾਣ 236 ਦੀ ਵੀ ਮਿਸਾਲ ਦਿੱਤੀ, ਜਿਸ ਵਿੱਚ ਈਂਧਨ ਲੀਕ ਹੋਣ ਕਾਰਨ ਦੋਵੇਂ ਇੰਜਣ ਫੇਲ ਹੋ ਗਏ ਸਨ ਪਰ ਪਾਇਲਟ ਨੇ ਸੰਕਟ ਵਿਚ ਵੀ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ।
ਵਿੰਗ ਕਮਾਂਡਰ ਵਿੱਜ ਅਨੁਸਾਰ ਇਸ ਹਾਦਸੇ ਵਿੱਚ ਸੰਭਵ ਹੈ ਕਿ ਇੰਜਣਾਂ ਵਿਚ ਕੁਲੈਂਟ ਜਾਂ ਤੇਲ ਦੀ ਲਾਈਨ ਵਿਚ ਬਲੌਕੇਜ ਆ ਗਿਆ ਹੋਵੇ। ਇਸ ਕਾਰਨ ਇੰਜਣ ਹੱਦ ਤੋਂ ਵੱਧ ਗਰਮ ਹੋ ਜਾਂਦੇ ਹਨ ਅਤੇ ਇੰਜਣ ਬਲਾਕ ਵਿੱਚ ਦਰਾਰ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਟੇਕਆਫ਼ ਮਗਰੋਂ ਵਿਮਾਨ ਥੋੜ੍ਹੀ ਹੀ ਉਚਾਈ ਤੱਕ ਪਹੁੰਚਿਆ ਸੀ। ਜਹਾਜ਼ ਸਿਰਫ਼ 825 ਫੁੱਟ ਉੱਪਰ ਗਿਆ ਸੀ ਜਦ ਕਿ ਲੈਂਡਿੰਗ ਗੀਅਰ ਵੀ ਹਾਲੇ ਹੇਠਾਂ ਹੀ ਸੀ। ਇੰਜਣਾਂ ਦੇ ਥਰਸਟ ਗਵਾ ਲੈਣ ਕਰਕੇ ਜਹਾਜ਼ ਇੱਕਦਮ ਥੱਲੇ ਡਿੱਗ ਗਿਆ। ਮਾਹਿਰਾਂ ਅਨੁਸਾਰ ਪਾਇਲਟ ਵੱਲੋਂ ਟੇਕਆਫ਼ ਵੇਲੇ ਗਲਤ ਕਾਨਫਿਗਰੇਸ਼ਨ ਲੈਣ ਦੀ ਸੰਭਾਵਨਾ ਵੀ ਨਹੀਂ ਨਕਾਰੀ ਜਾ ਸਕਦੀ। ਪਾਇਲਟ ਨੇ ਹਾਦਸੇ ਤੋਂ ਕੁਝ ਪਲ ਪਹਿਲਾਂ ਮੇਅ ਡੇਅ ਕਾਲ ਕੀਤੀ ਪਰ ਸਮਾਂ ਘੱਟ ਹੋਣ ਕਰਕੇ ਕਿਸੇ ਤਰ੍ਹਾਂ ਦੀ ਸੰਭਾਲ ਨਹੀਂ ਹੋ ਸਕੀ।