ਅਸਲੇ ਤੇ ਅਫ਼ੀਮ ਸਣੇ ਦੋ ਕਾਬੂ
ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਮਈ
ਥਾਣਾ ਸਦਰ ਖੰਨਾ ਦੀ ਪੁਲੀਸ ਵੱਲੋਂ ਇੱਕ ਵਿਅਕਤੀ ਨੂੰ ਅਸਲੇ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਪਿੰਡ ਅਲੌੜ ਵਿਖੇ ਨਾਕਾਬੰਦੀ ਦੌਰਾਨ ਚੈਕਿੰਗ ਕਰ ਰਹੀ ਸੀ ਤਾਂ ਗੋਬਿੰਦਗੜ੍ਹ ਸਾਈਡ ਤੋਂ ਪੈਦਲ ਆਉਂਦਾ ਵਿਅਕਤੀ ਪੁਲੀਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਜਿਸ ਨੂੰ ਸ਼ੱਕ ਦੇ ਅਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਦੇਸੀ ਪਿਸਤੌਲ, ਇੱਕ ਕਾਰਤੂਸ ਬਰਾਮਦ ਹੋਇਆ। ਮੁਲਜ਼ਮ ਪਛਾਣ ਜਗਜੀਤ ਸਿੰਘ ਵਾਸੀ ਖਤਰਾਏ ਕਲਾਂ (ਅੰਮ੍ਰਿਤਸਰ) ਵਜੋਂ ਹੋਈ। ਗ੍ਰਿਫ਼ਤਾਰ ਕਰਨ ਮਗਰੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਥਾਣਾ ਸਿਟੀ ਦੀ ਪੁਲੀਸ ਨੇ 300 ਗ੍ਰਾਮ ਅਫੀਮ ਸਮੇਤ ਇਕ ਵਿਅਕਤੀ ਕਾਬੂ ਕੀਤਾ। ਸਹਾਇਕ ਥਾਣੇਦਾਰ ਪ੍ਰਗਟ ਸਿੰਘ ਨੇ ਦੱਸਿਆ ਕਿ ਪ੍ਰਿਸਟਾਈਨ ਮਾਲ ਨੇੜੇ ਗਸ਼ਤ ਦੌਰਾਨ ਪੁਲੀਸ ਪਾਰਟੀ ਨੂੰ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲੀਸ ਨੂੰ ਦੇਖ ਕੇ ਆਪਣੀ ਜੇਬ ਵਿਚੋਂ ਲਿਫਾਫਾ ਕੱਢ ਕੇ ਸੜਕ ਕਿਨਾਰੇ ਸੁੱਟ ਦਿੱਤਾ। ਪੁਲੀਸ ਨੇ ਸ਼ੱਕ ਦੇ ਅਧਾਰ ’ਤੇ ਵਿਅਕਤੀ ਨੂੰ ਕਾਬੂ ਕਰਕੇ ਲਿਫ਼ਾਫਾ ਖੋਲ੍ਹਿਆ ਤਾਂ ਉਸ ਵਿਚੋਂ 300 ਗ੍ਰਾਮ ਅਫੀਮ ਬਰਾਮਦ ਹੋਈ। ਮੁਲਜ਼ਮ ਸੁਰਿੰਦਰ ਮੀਨਾ ਵਾਸੀ ਕੈਲਾਸ਼ਪੁਰਾ (ਮੱਧ ਪ੍ਰਦੇਸ਼) ਨੂੰ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ।