ਅਵਿਨਾਸ਼ ਖੰਨਾ ਨੇ ‘ਆਪ’ ਸਰਕਾਰ ’ਤੇ ਚੁੱਕੇ ਸਵਾਲ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 14 ਜੂਨ
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਕਿਹਾ ਭਗਵੰਤ ਮਾਨ ਨੇ ਝੂਠ ਬੋਲਣ ਦੀ ਪੀਐੱਚਡੀ ਕਰ ਰੱਖੀ ਹੈ ਅਤੇ ਇਸੇ ਕਰਕੇ ਉਹ ਨਿੱਤ ਦਿਹਾੜੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਚੋਣ ਪ੍ਰਚਾਰ ਦੌਰਾਨ ਅੱਜ ਇੱਥੇ ਮੁੱਖ ਦਫ਼ਤਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਪਹਿਲਾਂ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਇੱਕ ਵੀ ਦਿਨ ਅਜਿਹਾ ਨਹੀਂ ਜਿਸ ਵਿੱਚ ਲੋਕਾਂ ਨੂੰ ਪੂਰੀ ਬਿਜਲੀ ਮਿਲੀ ਹੋਵੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਤਾਂ ਗੱਲ ਛੱਡੋ ਜ਼ਿਮਨੀ ਚੋਣ ਵਾਲੇ ਹਲਕੇ ਪੱਛਮੀ ਵਿੱਚ ਹਰ ਰੋਜ਼ 9-10 ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ। ਉਨ੍ਹਾਂ ਹਲਕਾ ਪੱਛਮੀ ਦੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਸਵਾਲ ਕੀਤਾ ਕਿ ਉਹ ਬਾਕੀ ਰਹਿੰਦੇ ਡੇਢ ਸਾਲਾਂ ਵਿੱਚ ਪਾਰਟੀ ਦੇ ਹੁਣ ਤਾਜ਼ਾ ਕੀਤੇ ਜਾ ਰਹੇ ਚੋਣ ਵਾਅਦੇ ਕਿਵੇਂ ਪੂਰੇ ਕਰਨਗੇ । ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਦੇ ਇਲਾਕੇ ਗੁਰੂਦੇਵ ਨਗਰ, ਸਰਾਭਾ ਨਗਰ, ਰਿਸ਼ੀ ਨਗਰ, ਪੰਜਾਬ ਮਾਤਾ ਨਗਰ, ਭਾਈ ਰਣਧੀਰ ਸਿੰਘ ਨਗਰ, ਰਾਜਗੁਰੂ ਨਗਰ, ਸੁਨੇਤ ਆਦਿ ਵਿੱਚ ਬਿਜਲੀ ਕੱਟਾਂ ਕਾਰਨ ਲੋਕ ਪੀੜਤ ਹਨ। ਕੁਝ ਖੇਤਰਾਂ ਵਿੱਚ ਤਾਂ 10-12 ਘੰਟੇ ਦਾ ਬਿਜਲੀ ਕੱਟ ਲੱਗ ਰਹੇ ਹਨ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਪਾਰੀਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਯਾਦ ਕਰਾਉਂਦਿਆਂ ਕਿਹਾ ਕਿ ਹੁਣ ਉਦਯੋਗਾਂ ਲਈ ਪ੍ਰਤੀ ਯੂਨਿਟ 10 ਰੁਪਏ ਦੇ ਕਰੀਬ ਵਸੂਲੇ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਦਿਆਲ ਸਿੰਘ ਸੋਢੀ, ਬੁਲਾਰਾ ਪ੍ਰਿਤਪਾਲ ਸਿੰਘ ਬਲੀਏਵਾਲ, ਸੁਨੀਲ ਸਿੰਗਲਾ, ਡਾ. ਸਤੀਸ਼ ਕੁਮਾਰ ਵੀ ਹਾਜ਼ਰ ਸਨ।