For the best experience, open
https://m.punjabitribuneonline.com
on your mobile browser.
Advertisement

ਅਲ-ਸ਼ਿਫ਼ਾ ਹਸਪਤਾਲ ਦੇ ਅਹਾਤੇ ਵਿੱਚ 179 ਲਾਸ਼ਾਂ ਦਫ਼ਨਾਈਆਂ

07:37 AM Nov 15, 2023 IST
ਅਲ ਸ਼ਿਫ਼ਾ ਹਸਪਤਾਲ ਦੇ ਅਹਾਤੇ ਵਿੱਚ 179 ਲਾਸ਼ਾਂ ਦਫ਼ਨਾਈਆਂ
ਇਜ਼ਰਾਇਲੀ ਹਮਲੇ ’ਚ ਜ਼ਖ਼ਮੀ ਹੋਈ ਫਲਸਤੀਨੀ ਬੱਚੀ ਦੇ ਮੱਥੇ ’ਤੇ ਟਾਂਕੇ ਲਾਉਂਦਾ ਮੈਡੀਕਲ ਸਟਾਫ। -ਫੋਟੋ: ਰਾਇਟਰਜ਼
Advertisement

* ਮ੍ਰਿਤਕਾਂ ’ਚ ਸੱਤ ਨਵਜੰਮੇ ਤੇ 29 ਆਈਸੀਯੂ ਮਰੀਜ਼ ਵੀ ਸ਼ਾਮਲ

* ਲਾਸ਼ਾਂ ਸੜਨ ਕਰਕੇ ਲਿਆ ਫੈਸਲਾ

* ਸ਼ਿਫਾ ਹਸਪਤਾਲ ਨੂੰ ਹਮਾਸ ਦੇ ਕਮਾਂਡ ਸੈਂਟਰ ਵਜੋਂ ਵਰਤਣ ਦਾ ਦਾਅਵਾ

* ਅਮਰੀਕਾ ਵੱਲੋਂ ਹਮਾਸ ’ਤੇ ਤੀਜੇ ਗੇੜ ਦੀਆਂ ਪਾਬੰਦੀਆਂ ਆਇਦ

ਦੀਰ ਅਲ-ਬਾਲਾਹ/ਤਲ ਅਵੀਵ, 14 ਨਵੰਬਰ
ਇਜ਼ਰਾਈਲ ਵੱਲੋਂ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਅਲ-ਸ਼ਿਫ਼ਾ ਵਿਚ ਕੀਤੀ ਬੰਬਾਰੀ ਵਿੱਚ ਮਾਰੇ ਗਏ ਘੱਟੋ-ਘੱਟ 179 ਵਿਅਕਤੀਆਂ ਨੂੰ ਹਸਪਤਾਲ ਦੇ ਅਹਾਤੇ ਵਿੱਚ ਹੀ ਜ਼ਮੀਨ ਪੁੱਟ ਕੇ ਦਫ਼ਨਾ ਦਿੱਤਾ ਗਿਆ ਹੈ। ਹਸਪਤਾਲ ਦੇ ਡਾਇਰੈਕਟਰ ਮੁਹੰਮਦ ਅਬੂ ਸਲਮੀਆ ਨੇ ਕਿਹਾ ਕਿ ਮ੍ਰਿਤਕ ਦੇਹਾਂ, ਜਿਨ੍ਹਾਂ ਵਿੱਚ ਸੱਤ ਨਵਜੰਮੇ ਤੇ 29 ਆਈਸੀਯੂ ਮਰੀਜ਼ ਵੀ ਸਨ, ਖਰਾਬ ਹੋਣ ਲੱਗੀਆਂ ਸਨ, ਜਿਸ ਕਰਕੇ ਇਨ੍ਹਾਂ ਨੂੰ ਦਫਨਾਉਣਾ ਜ਼ਰੂਰੀ ਹੋ ਗਿਆ ਸੀ। ਸਲਮੀਆ ਨੇ ਕਿਹਾ ਕਿ ਕਈ ਮਰੀਜ਼ ਅਜਿਹੇ ਸਨ, ਜਿਨ੍ਹਾਂ ਦੀ ਸਰਜਰੀ ਐਨਸਥੀਸੀਆ ਤੋਂ ਬਗੈਰ ਤੇ ਬਿਨਾਂ ਬਜਿਲੀ ਦੇ ਕੀਤੀ ਗਈ ਤੇ ਇਨ੍ਹਾਂ ਨੂੰ ਜਿਹੜਾ ਦਰਦਾ ਹੋਇਆ ਉਹ ਬਿਆਨ ਕਰਨਾ ਮੁਸ਼ਕਲ ਸੀ। ਹਸਪਤਾਲ ਅਥਾਰਿਟੀਜ਼ ਮੁਤਾਬਕ ਇਜ਼ਰਾਇਲੀ ਫੌਜ ਕੌਮਾਂਤਰੀ ਰੈੱਡ ਕਰਾਸ ਕੌਂਸਲ ਦੇ ਦਖ਼ਲ ਮਗਰੋਂ ਸਮੇਂ ਤੋਂ ਪਹਿਲਾਂ ਜਨਮੇ ਕੁਝ ਬੱਚਿਆਂ ਨੂੰ ਹਸਪਤਾਲ ਤੋਂ ਬਾਹਰ ਤਬਦੀਲ ਕਰਨ ਲਈ ਰਾਜ਼ੀ ਹੋ ਗਈ ਹੈ। ਯੂਰੋ-ਮੈੱਡ ਮਨੁੱਖੀ ਹੱਕਾਂ ਬਾਰੇ ਨਿਗਰਾਨ ਮੁਤਾਬਕ ਇਜ਼ਰਾਈਲ 7 ਅਕਤੂਬਰ ਨੂੰ ਸ਼ੁਰੂ ਹੋਈ ਜੰਗ ਮਗਰੋਂ ਹੁਣ ਤੱਕ ਗਾਜ਼ਾ ’ਤੇ 25000 ਟਨ ਧਮਾਕਾਖੇਜ਼ ਸਮੱਗਰੀ ਸੁੱਟ ਚੁੱਕਾ ਹੈ, ਜੋ ਦੋ ਪ੍ਰਮਾਣੂ ਬੰਬਾਂ ਦੇ ਬਰਾਬਰ ਹੈ। ਇਸ ਦੌਰਾਨ ਅਮਰੀਕਾ ਨੇ ਹਮਾਸ ਸਮੂਹ ’ਤੇ ਅੱਜ ਤੀਜੇ ਗੇੜ ਦੀਆਂ ਪਾਬੰਦੀਆਂ ਤਹਿਤ ਇਰਾਨ ਤੋਂ ਗਾਜ਼ਾ ਨੂੰ ਹੁੰਦੇ ਪੈਸਿਆਂ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਹੈ। ਇਹ ਪਾਬੰਦੀਆਂ ਯੂਕੇ ਦੇ ਸਹਿਯੋਗ ਨਾਲ ਲਾਈਆਂ ਗਈਆਂ ਹਨ।

Advertisement

ਇਜ਼ਰਾਇਲੀ ਹਮਲੇ ਵਿਚ ਮਾਰੇ ਗਏ ਫਲਸਤੀਨੀਆਂ ਕੋਲ ਵਿਰਲਾਪ ਕਰਦੇ ਹੋਏ ਪਰਿਵਾਰਕ ਮੈਂਬਰ। -ਫੋਟੋ: ਰਾਇਟਰਜ਼

ਅਲ-ਸ਼ਿਫਾ ਹਸਪਤਾਲ ਵਿਚ ਮਰੀਜ਼ ਤੇ ਨਵਜੰਮਿਆਂ ਤੋਂ ਇਲਾਵਾ ਮੈਡੀਕਲ ਸਟਾਫ਼ ਫਸਿਆ ਹੋਇਆ ਹੈ। ਹਸਪਤਾਲ ਦੀ ਬਜਿਲੀ ਬੰਦ ਹੈ ਅਤੇ ਈਂਧਣ ਤੇ ਆਕਸੀਜਨ ਸਣੇ ਹੋਰ ਜ਼ਰੂਰੀ ਸਪਲਾਈ ਦੀ ਵੱਡੀ ਕਮੀ ਕਰਕੇ ਮਰੀਜ਼ਾਂ ਦੀ ਜਾਨ ਖ਼ਤਰੇ ਵਿੱਚ ਹੈ। ਸ਼ਿਫਾ ਸਣੇ ਗਾਜ਼ਾ ਵਿਚਲੇ ਜ਼ਿਆਦਾਤਰ ਹਸਪਤਾਲ ਰੈਣ-ਬਸੇਰਿਆਂ ਵਿੱਚ ਤਬਦੀਲ ਹੋ ਗਏ ਹਨ, ਜਿੱਥੇ ਲੋਕ ਜਾਨ ਬਚਾਉਣ ਲਈ ਪਨਾਹ ਲਈ ਬੈਠੇ ਹਨ। ਸ਼ਿਫਾ ਹਸਪਤਾਲ ਵਿਚ ਇਨਕਿਊਬੇਟਰਾਂ ਨੂੰ ਬਜਿਲੀ ਸਪਲਾਈ ਨਾ ਮਿਲਣ ਕਰਕੇ 36 ਨਵਜੰਮਿਆਂ ਦੀ ਜਾਨ ਜੋਖ਼ਮ ਵਿੱਚ ਹੈ। ਜੰਗ ਦੌਰਾਨ ਜ਼ਖ਼ਮੀ ਹੋਏ ਮਰੀਜ਼ਾਂ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ, ਦੀ ਐਨਸਥੀਸੀਆ ਤੋਂ ਬਗੈਰ ਹੀ ਸਰਜਰੀ ਕੀਤੀ ਜਾ ਰਹੀ ਹੈ। ਸਟਾਫ ਮੈਂਬਰਾਂ ਨੇ ਕਿਹਾ ਕਿ ਸਿਰਕੇ ਨੂੰ ਐਂਟੀਸੈਪਟਿਕ ਵਜੋਂ ਵਰਤਿਆ ਜਾ ਰਿਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਐਮਰਜੈਂਸੀ ਜਨਰੇਟਰ ਦਾ ਈਂਧਣ ਮੁੱਕਣ ਮਗਰੋਂ ਤਿੰਨ ਨਵਜੰਮਿਆਂ ਸਣੇ 32 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 36 ਨਵਜੰਮੇ ਤੇ ਹੋਰ ਮਰੀਜ਼ਾਂ ਦੀ ਜਾਨ ਨੂੰ ਖ਼ਤਰਾ ਹੈ।
ਗਾਜ਼ਾ ਵਿੱਚ ਲੋਕਾਂ ਨੂੰ ਰੋਟੀ ਪਾਣੀ ਲਈ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹਨਾ ਪੈ ਰਿਹਾ ਹੈ। ਸੜਕਾਂ ਇਮਾਰਤਾਂ ਦੇ ਮਲਬੇ ਨਾਲ ਭਰੀਆਂ ਹਨ ਤੇ ਟੂਟੀਆਂ ਦਾ ਪਾਣੀ ਸੁੱਕ ਗਿਆ ਹੈ। ਪਾਣੀ ਦੇ ਪੰਪਾਂ ਜਾਂ ਟਰੀਟਮੈਂਟ ਪਲਾਂਟਾਂ ਲਈ ਈਂਧਣ ਨਹੀਂ ਹੈ। ਇਜ਼ਰਾਈਲ ਨੇ ਜੰਗ ਦੀ ਸ਼ੁਰੂਆਤ ਤੋਂ ਹੀ ਗਾਜ਼ਾ ਵਿੱਚ ਈਂਧਣ ਦੀ ਆਮਦ ’ਤੇ ਰੋਕ ਲਾ ਦਿੱਤੀ ਸੀ ਕਿਉਂਕਿ ਉਸ ਦਾ ਕਹਿਣਾ ਹੈ ਕਿ ਹਮਾਸ ਈਂਧਣ ਫੌਜੀ ਮੰਤਵਾਂ ਲਈ ਵਰਤ ਸਕਦਾ ਹੈ। ਉਪਰੋਂ ਮੀਂਹ ਤੇ ਠੰਢ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਕਰਕੇ ਕੇਂਦਰੀ ਕਸਬੇ ਦੀਰ ਅਲ-ਬਾਲਾਹ ਵਿੱਚ ਕੈਂਪ ’ਚ ਲੱਗੇ ਟੈਂਟ ਨੁਕਸਾਨੇ ਗਏ ਹਨ। ਫਲਸਤੀਨੀ ਸ਼ਰਨਾਰਥੀਆਂ ਲਈ ਯੂਐੱਨ ਏਜੰਸੀ ਨੇ ਕਿਹਾ ਕਿ ਸਕੂਲਾਂ ਤੇ ਗਾਜ਼ਾ ਦੇ ਦੱਖਣੀ ਹਿੱਸੇ ਵਿੱਚ ਪਨਾਹ ਲਈ ਬੈਠੇ 6 ਲੱਖ ਤੋਂ ਵੱਧ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਔਖੀਆਂ ਹੋ ਗਈਆਂ ਹਨ। ਏਜੰਸੀ ਨੇ ਕਿਹਾ ਕਿ ਉਨ੍ਹਾਂ ਕੋਲ ਪਿਆ ਈਂਧਣ ਬੁੱਧਵਾਰ ਤੱਕ ਮੁੱਕ ਜਾਵੇਗਾ। ਇਸ ਦੌਰਾਨ ਇਜ਼ਰਾਈਲ ਨੇ ਹਮਾਸ ’ਤੇ ਦੋਸ਼ ਲਾਇਆ ਹੈ ਕਿ ਉਸ ਦੇ ਲੜਾਕੇ ਹਸਪਤਾਲ ਨੂੰ ਢਾਲ ਵਜੋਂ ਵਰਤ ਰਹੇ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਹਮਾਸ ਨੇ ਸ਼ਿਫਾ ਹਸਪਤਾਲ ਵਿੱਚ ਆਪਣਾ ਪ੍ਰਮੁੱਖ ਕਮਾਂਡ ਸੈਂਟਰ ਬਣਾਇਆ ਹੈ। ਹਮਾਸ ਤੇ ਸ਼ਿਫਾ ਹਸਪਤਾਲ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਸੋਮਵਾਰ ਨੂੰ ਜਾਰੀ ਵੀਡੀਓ ਵਿੱਚ ਬੇਸਮੈਂਟ ਦਿਖਾਈ ਗਈ ਹੈ, ਉਹ ਹਸਪਤਾਲ ਦਾ ਹੀ ਹਿੱਸਾ ਹੈ। -ਆਈਏੇਐੱਨਐੱਸ/ਏਪੀ

Advertisement

ਬੰਧਕਾਂ ਦੇ ਪਰਿਵਾਰਾਂ ਵੱਲੋਂ ਨੇਤਨਯਾਹੂ ਦੀ ਰਿਹਾਇਸ਼ ਵੱਲ ਮਾਰਚ ਸ਼ੁਰੂ

ਤਲ ਅਵੀਵ: ਹਮਾਸ ਵੱਲੋਂ ਗਾਜ਼ਾ ਪੱਟੀ ਵਿੱਚ ਬੰਧਕ ਬਣਾਏ ਆਪਣੇ ਸਕੇ-ਸਬੰਧੀਆਂ ਦੀ ਸੁਰੱਖਿਅਤ ਰਿਹਾਈ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਸਬੰਧਤ ਪਰਿਵਾਰਾਂ ਨੇ ਤਲ ਅਵੀਵ ਤੋਂ ਯੇਰੂਸ਼ਲਮ ਤੱਕ ਪੰਜ ਰੋਜ਼ਾ ਮਾਰਚ ਸ਼ੁਰੂ ਕੀਤਾ ਹੈ। ਹਮਾਸ ਲੜਾਕਿਆਂ ਨੇ 7 ਅਕਤੂਬਰ ਨੂੰ ਦੱਖਣੀ ਇਜ਼ਰਾਈਲ ’ਚ ਕੀਤੇ ਹਮਲੇ ਵਿਚ 240 ਦੇ ਕਰੀਬ ਵਿਅਕਤੀਆਂ ਨੂੰ ਬੰਧਕ ਬਣਾ ਲਿਆ ਸੀ। ਹਮਾਸ ਹੁਣ ਤੱਕ ਚਾਰ ਬੰਧਕਾਂ ਨੂੰ ਰਿਹਾਅ ਕਰ ਚੁੱਕਾ ਹੈ। ਤਲਅਵੀਵ ਤੋਂ ਸ਼ੁਰੂ ਹੋਇਆ ਮਾਰਚ ਸ਼ਨਿੱਚਰਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਯੇਰੂਸ਼ਲਮ ਵਿਚਲੀ ਰਿਹਾਇਸ਼ ’ਤੇ ਜਾ ਕੇ ਖ਼ਤਮ ਹੋਵੇਗਾ। ਮਾਰਚ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਨੇਤਨਯਾਹੂ ਤੇ ਕੈਬਨਿਟ ਨੂੰ ਸਵਾਲ ਕੀਤੇ ਹਨ। -ਰਾਇਟਰਜ਼

Advertisement
Author Image

joginder kumar

View all posts

Advertisement