ਅਮਿਤ ਸ਼ਾਹ ਨੂੰ ਪਾਰਟੀ ’ਚੋਂ ਬਰਖ਼ਾਸਤ ਕਰਨ ਦੀ ਮੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਦਸੰਬਰ
ਭਾਰਤੀ ਕਮਿਊਨਿਸਟ ਪਾਰਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਅਪਮਾਨਜਨਕ ਟਿੱਪਣੀ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਫੌਰੀ ਤੌਰ ’ਤੇ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪਾਰਟੀ ਦੇ ਸਕੱਤਰ ਕਾਮਰੇਡ ਡੀਪੀ ਮੌੜ ਨੇ ਕਿਹਾ ਕਿ ਇਹ ਅਸਲ ਵਿੱਚ ਆਰਐੱਸਐੱਸ ਦੀ ਜਾਤ-ਪਾਤ ਬਾਰੇ ਊਚ-ਨੀਚ ਦੀ ਸੋਚ ਅਤੇ ਮਨੂੰਵਾਦੀ ਵਿਚਾਰਧਾਰਾ ਦਾ ਪ੍ਰਗਟਾ ਹੈ ਅਤੇ ਅਖ਼ੀਰ ਸਹੀ ਗੱਲ ਮੂੰਹ ’ਚੋਂ ਨਿਕਲ ਹੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਾਫ ਹੈ ਕਿ ਆਰਐੱਸਐੱਸ ਦਾ ਵਿਸ਼ਵਾਸ ਮਨੂੰ ਸਮ੍ਰਿਤੀ ’ਤੇ ਹੈ ਜਿਸ ਵਿੱਚ ਕੇਵਲ ਬ੍ਰਾਹਮਣਾਂ ਨੂੰ ਹੀ ਉੱਪਰ ਰੱਖਿਆ ਗਿਆ ਹੈ। ਬਾਕੀ ਸਭ ਨੂੰ ਉਨ੍ਹਾਂ ਤੋਂ ਨੀਵਾਂ ਇੱਥੋਂ ਤੱਕ ਕੀ ਜਿਨ੍ਹਾਂ ਨੂੰ ਇਹ ਨੀਵੀਂ ਜਾਤੀ ਆਖਦੇ ਹਨ ਉਨ੍ਹਾਂ ਨੂੰ ਵੀ ਵਿਦਿਆ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ ਹੈ। ਪਾਰਟੀ ਨੇ ਮੰਗ ਕੀਤੀ ਕਿ ਡਾ. ਅੰਬੇਡਕਰ ਬਾਰੇ ਵਿਅੰਗ ਕਸਣ ਨੂੰ ਲੈ ਕੇ ਅਮਿਤ ਸ਼ਾਹ ’ਤੇ ਕੇਸ ਚਲਾਇਆ ਜਾਏ। ਡਾ. ਅੰਬੇਡਕਰ ਦਾ ਕੀਤਾ ਗਿਆ ਅਪਮਾਨ ਦੇਸ਼ ਦੀ ਜਨਤਾ ਨੂੰ ਕਿਸੇ ਵੀ ਤਰ੍ਹਾਂ ਮਨਜ਼ੂਰ ਨਹੀਂ ਹੈ। ਇਸ ਮੌਕੇ ਸਹਾਇਕ ਸਕੱਤਰ ਡਾ. ਅਰੁਣ ਮਿੱਤਰਾ ਅਤੇ ਚਮਕੌਰ ਸਿੰਘ, ਸ਼ਹਿਰੀ ਸਕੱਤਰ ਐਮਐਸ ਭਾਟੀਆ, ਰਮੇਸ਼ ਰਤਨ, ਕੇਵਲ ਸਿੰਘ ਬਣਵੈਤ, ਵਿਜੇ ਕੁਮਾਰ ਅਤੇ ਨਰੇਸ਼ ਗੌੜ ਹਾਜ਼ਰ ਸਨ।