ਅਮਰ ਸਿੰਘ ਅੱਚਰਵਾਲ ਦੀ ਬਰਸੀ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 13 ਸਤੰਬਰ
ਸ਼ਹੀਦਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਪਿੰਡ ਅੱਚਰਵਾਲ ਵਿੱਚ 32ਵੀਂ ਬਰਸੀ ਮੌਕੇ ਨਕਸਲਵਾੜੀ ਲਹਿਰ ਦੇ ਸ਼ਹੀਦ ਕਾਮਰੇਡ ਅਮਰ ਸਿੰਘ ਅੱਚਰਵਾਲ ਦੇ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਹਾਜ਼ਰੀ ਭਰੀ। ਚਮਕੌਰ ਸਿੰਘ ਅੱਚਰਵਾਲ ਦੀ ਅਗਵਾਈ ਵਿੱਚ ਸ਼ਹੀਦੀ ਯਾਦਗਾਰ ਕਮੇਟੀ ਅੱਚਰਵਾਲ ਵੱਲੋਂ ਕਰਵਾਏ ਸਮਾਗਮ ਵਿੱਚ ਨਾਮਧਾਰੀ ਲਹਿਰ ਦੇ ਸ਼ਹੀਦ ਬਾਬਾ ਰਾਮ ਸਿੰਘ, ਸ਼ਹੀਦ ਬਾਬਾ ਮਹਿਤਾਬ ਸਿੰਘ, ਗ਼ਦਰ ਲਹਿਰ ਦੇ ਸ਼ਹੀਦਾਂ ਪੰਡਤ ਗੋਧੀ ਰਾਮ, ਸ਼ਹੀਦ ਕੇਹਰ ਸਿੰਘ, ਸ਼ਹੀਦ ਦਾਨ ਸਿੰਘ, ਸ਼ਹੀਦ ਮੱਲਾ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਹਜ਼ਾਰਾ ਸਿੰਘ ਸਮੇਤ ਹੋਰਨਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦ ਅਮਰ ਸਿੰਘ ਅੱਚਰਵਾਲ ਦੇ ਘਰ ਤੋਂ ਚੱਲ ਕੇ ਸ਼ਹੀਦੀ ਯਾਦਗਾਰ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਗੂਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਦੌਰਾਨ ਝੰਡਾ ਝੁਲਾਉਣ ਦੀ ਰਸਮ ਨਿਭਾਈ ਗਈ। ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਨਾਟਕਕਾਰ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਇਹ ਲਹੂ ਕਿਸ ਦਾ ਹੈ’ ਅਤੇ ਇਕੱਤਰ ਸਿੰਘ ਦੀ ਨਿਰਦੇਸ਼ਨ ਹੇਠ ਨਾਟਕ ‘ਠੱਗੀ’ ਪੇਸ਼ ਕਰ ਕੇ ਲੋਕ ਦੋਖੀ ਪ੍ਰਬੰਧ ਉੱਪਰ ਕਰਾਰੀ ਸੱਟ ਮਾਰੀ। ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਜਸਵੀਰ ਕੌਰ ਨੱਤ, ਅਮੋਲਕ ਸਿੰਘ, ਜਸਦੇਵ ਸਿੰਘ ਲਲਤੋਂ, ਗੋਪਾਲ ਸਿੰਘ ਬੁੱਟਰ, ਸੁਰਿੰਦਰ ਸਿੰਘ ਜਲਾਲਦੀਵਾਲ, ਬੂਟਾ ਸਿੰਘ ਚੱਕਰ, ਸਾਧੂ ਸਿੰਘ ਅੱਚਰਵਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦੇਸ਼ ਦੇ ਕਿਰਤੀ ਵਰਗ ਨੂੰ ਦਰਪੇਸ਼ ਚੁਣੌਤੀਆਂ, ਵਿਵਾਦਿਤ ਫ਼ੌਜਦਾਰੀ ਕਾਨੂੰਨਾਂ, ਕੈਂਸਰ ਗੈਸ ਫ਼ੈਕਟਰੀਆਂ, ਔਰਤਾਂ ਉੱਪਰ ਵੱਧ ਰਹੇ ਅਤਿਆਚਾਰ, ਕਲਕੱਤਾ ਦੇ ਵਹਿਸ਼ੀ ਜਬਰ-ਜਨਾਹ ਕਾਂਡ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।