ਅਮਰੀਕਾ ਵੱਲੋਂ ਭਾਰਤ-ਪਾਕਿ ਦੇ ਹਾਲਾਤ ਬਾਰੇ ਬਰਤਾਨੀਆ ਨਾਲ ਚਰਚਾ
ਨਿਊਯਾਰਕ/ਵਾਸ਼ਿੰਗਟਨ, 12 ਮਈ
ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਮੌਜੂਦਾ ਹਾਲਾਤ ’ਤੇ ਬਰਤਾਨੀਆ ਨਾਲ ਚਰਚਾ ਕੀਤੀ ਅਤੇ ਫੌਜੀ ਕਾਰਵਾਈ ਰੋਕਣ ਬਾਰੇ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਬਣੀ ਸਹਿਮਤੀ ਨੂੰ ਬਰਕਰਾਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਭਾਰਤ ਤੇ ਪਾਕਿਸਤਾਨ ਨੇ ਸ਼ਨਿਚਰਵਾਰ ਨੂੰ ਜ਼ਮੀਨੀ, ਹਵਾਈ ਅਤੇ ਸਮੁੰਦਰ ਵਿੱਚ ਗੋਲੀਬਾਰੀ ਅਤੇ ਹੋਰ ਸਾਰੀਆਂ ਫੌਜੀ ਕਾਰਵਾਈਆਂ ਰੋਕਣ ਲਈ ਸਹਿਮਤੀ ਦਾ ਐਲਾਨ ਕੀਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਤਰਜਮਾਨ ਟੈਮੀ ਬਰੂਸ ਨੇ ਇਕ ਬਿਆਨ ਵਿੱਚ ਕਿਹਾ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਤਵਾਰ ਨੂੰ ਬਰਤਾਨੀਆ ਦੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਗੱਲਬਾਤ ਕੀਤੀ।
ਇਸ ਵਿੱਚ ਕਿਹਾ ਗਿਆ, ‘‘ਭਾਰਤ-ਪਾਕਿਸਤਾਨ ਨੂੰ ਲੈ ਕੇ ਕੀਤੀ ਗਈ ਗੱਲਬਾਤ ਵਿੱਚ ਅਮਰੀਕਾ ਤੇ ਬਰਤਾਨੀਆ ਦੇ ਵਿਦੇਸ਼ ਮੰਤਰੀਆਂ ਨੇ ਫੌਜੀ ਕਾਰਵਾਈ ਰੋਕਣ ਬਾਰੇ ਦੋਵੇਂ ਧਿਰਾਂ ਵਿਚਾਲੇ ਬਣੀ ਸਹਿਮਤੀ ਨੂੰ ਕਾਇਮ ਰੱਖਣ ਅਤੇ ਸੰਵਾਦ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੱਧੇ ਸੰਵਾਦ ਅਤੇ ਸੰਚਾਰ ਵਿੱਚ ਸੁਧਾਰ ਲਈ ਲਗਾਤਾਰ ਕੋਸ਼ਿਸ਼ਾਂ ਵਾਸਤੇ ਅਮਰੀਕਾ ਵੱਲੋਂ ਸਮਰਥਨ ਦਾ ਭਰੋਸਾ ਦਿਵਾਇਆ।’’
ਰੂਬੀਓ ਨੇ ਰੂਸ-ਯੂਕਰੇਨ ਜੰਗ ’ਤੇ ਅਮਰੀਕੀ ਰੁਖ਼ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘‘ਸਾਡੀ ਸਰਵਉੱਚ ਤਰਜੀਹ ਜੰਗ ਨੂੰ ਖ਼ਤਮ ਕਰਨਾ ਅਤੇ ਤੁਰੰਤ ਜੰਗਬੰਦੀ ਲਾਗੂ ਕਰਨਾ ਹੈ।’’ -ਪੀਟੀਆਈ