ਅਮਰੀਕਾ: ਵਿਦੇਸ਼ੀ ਵਿਦਿਆਰਥੀਆਂ ਲਈ ਵੀਜ਼ੇ ਬਹਾਲ
ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਅੱਜ ਕਿਹਾ ਕਿ ਉਹ ਵਿਦਿਆਰਥੀ ਵੀਜ਼ੇ ਵਾਸਤੇ ਅਪਲਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਮੁਅੱਤਲ ਕੀਤੀ ਪ੍ਰਕਿਰਿਆ ਮੁੜ ਸ਼ੁਰੂ ਕਰ ਰਿਹਾ ਹੈ ਪਰ ਹੁਣ ਸਾਰੇ ਬਿਨੈਕਾਰਾਂ ਨੂੰ ਸਰਕਾਰੀ ਸਮੀਖਿਆ ਲਈ ਆਪਣੇ ਸੋਸ਼ਲ ਮੀਡੀਆ ਖਾਤੇ ਅਨਲੌਕ (ਸਾਂਝਾ) ਰੱਖਣੇ ਹੋਣਗੇ। ਵਿਭਾਗ ਨੇ ਕਿਹਾ ਕਿ ਸਫ਼ਾਰਤਖ਼ਾਨਿਆਂ ਦੇ ਅਧਿਕਾਰੀ ਅਜਿਹੀਆਂ ਪੋਸਟਾਂ ਅਤੇ ਸੰਦੇਸ਼ਾਂ ’ਤੇ ਨਜ਼ਰ ਰੱਖਣਗੇ, ਜਿਨ੍ਹਾਂ ਨੂੰ ਅਮਰੀਕਾ, ਇਸ ਦੀ ਸਰਕਾਰ, ਸੱਭਿਆਚਾਰ, ਸੰਸਥਾਵਾਂ ਜਾਂ ਬੁਨਿਆਦੀ ਸਿਧਾਂਤਾਂ ਦੇ ਉਲਟ ਮੰਨਿਆ ਜਾ ਸਕਦਾ ਹੈ। ਅੱਜ ਜਨਤਕ ਕੀਤੇ ਨੋਟਿਸ ਵਿੱਚ ਵਿਭਾਗ ਨੇ ਕਿਹਾ ਕਿ ਉਸ ਨੇ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਦੀ ਮੁਅੱਤਲੀ ਦੇ ਆਪਣੇ ਮਈ ਮਹੀਨੇ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ ਪਰ ਨਾਲ ਹੀ ਕਿਹਾ ਨਵੇਂ ਬਿਨੈਕਾਰ ਜੋ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ‘ਜਨਤਕ’ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਦੀ ਅਰਜ਼ੀ ਨੂੰ ਰੱਦ ਕੀਤਾ ਜਾ ਸਕਦੀ ਹੈ। ਇਸ ਵਿੱਚ ਕਿਹਾ ਗਿਆ ਕਿ ਅਜਿਹਾ ਕਰਨ ਤੋਂ ਇਨਕਾਰ ਕਰਨਾ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਉਹ ਇਸ ਤੋਂ ਬਚਣ ਜਾਂ ਆਪਣੀ ਆਨਲਾਈਨ ਸਰਗਰਮੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। -ਏਪੀ