‘ਅਮਰੀਕਾ ਵਾਂਗ ਅਤਿਵਾਦੀਆਂ ਨੂੰ ਭਾਰਤ ਹਵਾਲੇ ਕਰੇ ਪਾਕਿ’
ਯੇਰੂਸ਼ਲਮ, 20 ਮਈ
ਇਜ਼ਰਾਈਲ ਵਿੱਚ ਭਾਰਤੀ ਰਾਜਦੂਤ ਜੇਪੀ ਸਿੰਘ ਨੇ ਕਿਹਾ ਕਿ ਜਿਵੇਂ ਅਮਰੀਕਾ ਨੇ 26/11 ਦੇ ਮੁੰਬਈ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ਵਿੱਚੋਂ ਇੱਕ ਤਹੱਵੁਰ ਹੁਸੈਨ ਰਾਣਾ ਨੂੰ ਭਾਰਤ ਹਵਾਲੇ ਕੀਤਾ ਹੈ, ਉਵੇਂ ਪਾਕਿਸਤਾਨ ਨੂੰ ਵੀ ਮੁੱਖ ਅਤਿਵਾਦੀਆਂ ਹਾਫਿਜ਼ ਸਈਦ, ਸਾਜਿਦ ਮੀਰ ਅਤੇ ਜ਼ਕੀਉਰ ਰਹਿਮਾਨ ਲਖਵੀ ਨੂੰ ਭਾਰਤ ਨੂੰ ਸੌਂਪ ਦੇਣਾ ਚਾਹੀਦਾ ਹੈ। ਜੇਪੀ ਸਿੰਘ ਨੇ ਅਤਿਵਾਦ ਨੂੰ ਆਲਮੀ ਖ਼ਤਰਾ ਕਰਾਰ ਦਿੰਦਿਆਂ ਇਸ ਖ਼ਿਲਾਫ਼ ਕੌਮਾਂਤਰੀ ਗੱਠਜੋੜ ਬਣਾਉਣ ਦਾ ਸੱਦਾ ਵੀ ਦਿੱਤਾ। ਇਜ਼ਰਾਇਲੀ ਟੀਵੀ ਚੈਨਲ ‘ਆਈ24’ ਨੂੰ ਸੋਮਵਾਰ ਨੂੰ ਦਿੱਤੀ ਇੰਟਰਵਿਊ ਵਿੱਚ ਜੇਪੀ ਸਿੰਘ ਨੇ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਭਾਰਤ ਦਾ ‘ਅਪਰੇਸ਼ਨ ਸਿੰਧੂਰ’ ਰੋਕਿਆ ਗਿਆ ਹੈ, ਪਰ ਇਹ ‘ਖਤਮ ਨਹੀਂ ਹੋਇਆ’। ਉਨ੍ਹਾਂ ਕਿਹਾ, ‘‘ਭਾਰਤ ਨੇ ਇਹ ਕਾਰਵਾਈ ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚੇ ਖ਼ਿਲਾਫ਼ ਕੀਤੀ ਸੀ ਪਰ ਪਾਕਿਸਤਾਨ ਨੇ ਬਦਲਾ ਲੈਂਦਿਆਂ ਭਾਰਤ ਦੇ ਫੌਜੀ ਟਿਕਾਣਿਆਂ ’ਤੇ ਹਮਲਾ ਕਰ ਦਿੱਤਾ।’’ ਪਾਕਿਸਤਾਨ ਵੱਲੋਂ ਭਾਰਤ ਵਿੱਚ ਕੀਤੇ ਗਏ ਅਤਿਵਾਦੀ ਹਮਲਿਆਂ ਦੀ ਲੰਬੀ ਸੂਚੀ ਦਾ ਜ਼ਿਕਰ ਕਰਦਿਆਂ ਜੇਪੀ ਸਿੰਘ ਨੇ ਕਿਹਾ, ‘‘ਇਨ੍ਹਾਂ ਦਾ ਮੁੱਖ ਕਾਰਨ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤਇਬਾ ਹਨ।’’
ਭਾਰਤੀ ਰਾਜਦੂਤ ਨੇ ਕਿਹਾ ਕਿ ਮੁੰਬਈ ਹਮਲੇ ਪਿੱਛੇ ਲਸ਼ਕਰ-ਏ-ਤਇਬਾ ਦਾ ਹੱਥ ਸੀ ਪਰ ਇਸਦੇ ਸਾਜ਼ਿਸ਼ਘਾੜੇ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਮੁੰਬਈ ਹਮਲੇ ਵਿੱਚ ਕਈ ਯਹੂਦੀ ਵੀ ਮਾਰੇ ਗਏ ਸਨ। ਰਾਜਦੂਤ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਅਮਰੀਕਾ ਨੇ ਹਾਲ ਹੀ ਵਿੱਚ ਰਾਣਾ ਨੂੰ ਭਾਰਤ ਹਵਾਲੇ ਕੀਤਾ ਹੈ ਜੋ ਮੁੰਬਈ ਹਮਲਿਆਂ ਵਿੱਚ ਸ਼ਾਮਲ ਸੀ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਵੀ ਅਜਿਹਾ ਕਰ ਸਕਦਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਜਦੋਂ ਅਮਰੀਕਾ ਇਨ੍ਹਾਂ ਅਪਰਾਧੀਆਂ ਨੂੰ ਸੌਂਪ ਸਕਦਾ ਹੈ, ਤਾਂ ਪਾਕਿਸਤਾਨ ਕਿਉਂ ਨਹੀਂ? ਉਸ ਨੇ ਸਿਰਫ਼ ਹਾਫਿਜ਼ ਸਈਦ, ਲਖਵੀ, ਸਾਜਿਦ ਮੀਰ ਨੂੰ ਸੌਂਪਣਾ ਹੈ ਅਤੇ ਮਾਮਲਾ ਖ਼ਤਮ ਹੋ ਜਾਵੇਗਾ।’’ -ਪੀਟੀਆਈ
ਪਾਕਿਸਤਾਨ ਦੇ ਨੂਰ ਬੇਸ ’ਤੇ ਹਮਲਾ ‘ਗੇਮ ਚੇਂਜਰ’ ਕਰਾਰ
ਭਾਰਤੀ ਰਾਜਦੂਤ ਜੇਪੀ ਸਿੰਘ ਨੇ ਪਾਕਿਸਤਾਨ ਦੇ ਨੂਰ ਖਾਨ ਬੇਸ ’ਤੇ 10 ਮਈ ਨੂੰ ਭਾਰਤ ਦੇ ਹਮਲੇ ਨੂੰ ‘ਗੇਮ ਚੇਂਜਰ’ ਕਰਾਰ ਦਿੰਦਿਆਂ ਕਿਹਾ ਕਿ ਇਸ ਨੇ ਪਾਕਿਸਤਾਨ ਵਿੱਚ ਦਹਿਸ਼ਤ ਫੈਲਾ ਦਿੱਤੀ ਅਤੇ ਇਸਦੇ ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨ (ਡੀਜੀਐੱਮਓ) ਨੇ ਆਪਣੇ ਭਾਰਤੀ ਹਮਰੁਤਬਾ ਨੂੰ ਜੰਗਬੰਦੀ ਦੀ ਮੰਗ ਕੀਤੀ। ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਸਵਾਲ ’ਤੇ ਭਾਰਤੀ ਰਾਜਦੂਤ ਨੇ ਕਿਹਾ ਕਿ ਸੰਧੀ ਨੂੰ ਸੇਧ ਦੇਣ ਵਾਲੀਆਂ ਦੋ ਮੁੱਖ ਧਾਰਾਵਾਂ ਦਾ ਕਦੇ ਵੀ ਸਤਿਕਾਰ ਨਹੀਂ ਕੀਤਾ ਗਿਆ ਪਰ ਭਾਰਤ ਹਮੇਸ਼ਾ ਹੀ ਪਾਕਿਸਤਾਨ ਵਾਲੇ ਪਾਸਿਓਂ ਹੋਣ ਵਾਲੇ ਅਤਿਵਾਦੀ ਹਮਲਿਆਂ ਖ਼ਿਲਾਫ਼ ਲੜਦਾ ਰਿਹਾ ਹੈ।