ਅਮਰੀਕਾ ਦੀ ਅਜ਼ਮਾਇਸ਼
ਇਹ ਸਮੁੱਚਾ ਘਟਨਾਕ੍ਰਮ ਸਾਰਿਆਂ ਨੂੰ ਹੈਰਾਨ ਕਰ ਦੇਣ ਵਾਲਾ ਇਸ ਲਈ ਵੀ ਸੀ ਕਿਉਂਕਿ 22 ਅਪਰੈਲ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਪੈਦਾ ਹੋਏ ਸਮੁੱਚੇ ਹਾਲਾਤ ਨੂੰ ਲੈ ਕੇ ਟਰੰਪ ਵੱਲੋਂ ਕੋਈ ਖ਼ਾਸ ਦਿਲਚਸਪੀ ਨਹੀਂ ਸੀ ਦਿਖਾਈ ਗਈ। ਟਰੰਪ ਵੱਲੋਂ ਦੋਵਾਂ ਦੇਸ਼ਾਂ ਵਿਚਾਲੇ ਗੋਲੀਬੰਦੀ ਦੇ ਐਲਾਨ ਤੋਂ ਠੀਕ ਦੋ ਦਿਨ ਪਹਿਲਾਂ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਨੇ ਆਖਿਆ ਸੀ ਕਿ ਅਮਰੀਕਾ ਭਾਰਤ-ਪਾਕਿਸਤਾਨ ਟਕਰਾਅ ਟਾਲਣ ’ਚ ਕੋਈ ਭੂਮਿਕਾ ਨਹੀਂ ਨਿਭਾਏਗਾ ਕਿਉਂਕਿ ਇਸ ਦਾ ਇਸ ਮਸਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸ਼ਾਇਦ ਇਹ ਸਾਊਦੀ ਅਰਬ ਵੱਲੋਂ ਦੋਹਾਂ ਦੇਸ਼ਾਂ ਤੱਕ ਕੀਤੀ ਗਈ ਹਾਂ-ਪੱਖੀ ਪਹੁੰਚ ਜਾਂ ਫਿਰ ਪਰਮਾਣੂ ਜੰਗ ਦੇ ਖ਼ਤਰੇ ਦੀ ਘੰਟੀ ਕਾਰਨ ਟਰੰਪ ਪ੍ਰਸ਼ਾਸਨ ਨੂੰ ਇਸ ਮਾਮਲੇ ’ਚ ਦਖ਼ਲ ਦੇਣਾ ਪਿਆ।
ਅਮਰੀਕਾ ਨੇ ਆਪਣੀ ਵੋਟਿੰਗ ਤਾਕਤ ਦੀ ਵਰਤੋਂ ਕਰ ਕੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਤੋਂ ਇੱਕ ਅਰਬ ਡਾਲਰ ਦਾ ਕਰਜ਼ਾ ਲੈਣ ’ਚ ਮਦਦ ਕੀਤੀ; ਭਾਰਤ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਪਾਕਿਸਤਾਨ ਵੱਲੋਂ ਇਸ ਧਨ ਦੀ ਵਰਤੋਂ ਸਰਹੱਦ ਪਾਰੋਂ ਭਾਰਤ ’ਚ ਦਹਿਸ਼ਤਗਰਦੀ ਦੀਆਂ ਸਰਗਰਮੀਆਂ ਨੂੰ ਹਵਾ ਦੇਣ ਲਈ ਕੀਤੀ ਜਾਵੇਗੀ। ਪਾਕਿਸਤਾਨ ਨੇ ਐਨ ਮੌਕੇ ’ਤੇ ਮਿਲੀ ਇਸ ਰਾਹਤ ਦੀ ਕੋਈ ਕੀਮਤ ਵੀ ਚੁਕਾਈ ਹੋਵੇਗੀ। ਇਸ ਦਾ ਸਿੱਧਾ ਜਿਹਾ ਮਤਲਬ ਇਹ ਹੈ ਕਿ ਪਾਕਿਸਤਾਨ ਉੱਤੇ ਆਪਣਾ ਰੁਖ਼ ਬਦਲਣ ਲਈ ਦਬਾਅ ਹੋਵੇਗਾ। ਇਹ ਭਵਿੱਖ ਵਿੱਚ ਜੇ ਕੋਈ ਗੜਬੜ ਕਰਦਾ ਹੈ ਤਾਂ ਭਾਰਤ ਵੱਲੋਂ ਤਾਂ ਜਵਾਬੀ ਕਾਰਵਾਈ ਹੋਵੇਗੀ ਹੀ, ਸਗੋਂ ਅਮਰੀਕਾ ਤੋਂ ਮਿਲ ਰਹੀ ਇਮਦਾਦ ਵੀ ਘਟੇਗੀ। ਟਰੰਪ ਇਹ ਉੱਕਾ ਨਹੀਂ ਚਾਹੁਣਗੇ ਕਿ ਪਾਕਿਸਤਾਨ ਇਸ ਸਮੇਂ ਭਾਰਤ ਅਤੇ ਅਮਰੀਕਾ ਦੇ ਮਜ਼ਬੂਤ ਸਬੰਧਾਂ ਨੂੰ ਜੋਖਿ਼ਮ ਵਿੱਚ ਪਾਵੇ, ਉਹ ਤਾਂ ਸਗੋਂ ਇਹ ਵੀ ਚਾਹੁਣਗੇ ਕਿ ਪਾਕਿਸਤਾਨ, ਚੀਨ ਦੀ ਪਕੜ ਵਿੱਚੋਂ ਵੀ ਬਾਹਰ ਆਵੇ। ਅਮਰੀਕਾ ਲਈ ਇਹ ਸਾਰਾ ਕੁਝ ਤਾਰ ਉੱਤੇ ਤੁਰਨ ਵਾਂਗ ਹੈ। ਹੁਣ ਇਸ ਦੀ ਅਸਲ ਅਜ਼ਮਾਇਸ਼ ਦਾ ਵੇਲਾ ਵੀ ਹੈ।