ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ’ਚ ਪੜ੍ਹਾਈ ਦਾ ਆਲਮ

04:54 AM May 29, 2025 IST
featuredImage featuredImage

ਅਮਰੀਕਾ ਵਿੱਚ ਪੜ੍ਹਾਈ ਦੀ ਆਸ ਨਾਲ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਨਵੇਂ ਵੀਜ਼ਾ ਇੰਟਰਵਿਊ ਦਾ ਪ੍ਰੋਗਰਾਮ ਰੋਕ ਦੇਣ ਦੇ ਟਰੰਪ ਪ੍ਰਸ਼ਾਸਨ ਦੇ ਹੁਕਮ ਨਾਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਮੇਜ਼ਬਾਨ ਕੈਂਪਸਾਂ ਵਿੱਚ ਵੀ ਬੇਯਕੀਨੀ ਦਾ ਮਾਹੌਲ ਬਣ ਗਿਆ ਹੈ। ਇਸ ਦੇ ਨਾਲ ਹੀ ਆਵਾਸ ਨੇਮ ਸਖ਼ਤ ਕਰਨ ਅਤੇ ਕੌਮਾਂਤਰੀ ਵਿਦਿਆਰਥੀਆਂ ਉੱਪਰ ਰੋਕਾਂ ਆਇਦ ਕਰਨ ਦੀਆਂ ਟਰੰਪ ਸਰਕਾਰ ਦੀਆਂ ਕੋਸ਼ਿਸ਼ਾਂ ਵਧ ਗਈਆਂ ਹਨ। ਵੀਜ਼ਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਪੁਣ-ਛਾਣ ਦਾ ਪ੍ਰਸਤਾਵ ਗਾਜ਼ਾ ਵਿੱਚ ਫ਼ਲਸਤੀਨੀਆਂ ਉੱਤੇ ਇਜ਼ਰਾਈਲ ਸਰਕਾਰ ਦੀਆਂ ਕਾਰਵਾਈਆਂ ਖ਼ਿਲਾਫ਼ ਹੋਣ ਵਾਲੇ ਰੋਸ ਮੁਜ਼ਾਹਰਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਫੜੋ-ਫੜਾਈ ਤੋਂ ਬਾਅਦ ਆਇਆ ਹੈ। ਸਰਟੀਫਿਕੇਟ ਰੱਦ ਕਰਨ ਅਤੇ ਹਾਰਵਰਡ ਜਿਹੀਆਂ ਵੱਕਾਰੀ ਅਮਰੀਕੀ ਯੂਨੀਵਰਸਿਟੀਆਂ ਦੇ ਫੰਡ ਜਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਨੇਮ ਇਸਤੇਮਾਲ ਕੀਤੇ ਜਾ ਰਹੇ ਹਨ; ਟਰੰਪ ਪ੍ਰਸ਼ਾਸਨ ਨੂੰ ਜਾਪਦਾ ਹੈ ਕਿ ਉਚੇਰੀ ਸਿੱਖਿਆ ਦੀਆਂ ਇਹ ਸੰਸਥਾਵਾਂ ਉਦਾਰ ਹਨ ਅਤੇ ਉੱਥੇ ਯਹੂਦੀਆਂ ਖ਼ਿਲਾਫ਼ ਭਾਵਨਾਵਾਂ ਪਨਪ ਰਹੀਆਂ ਹਨ। ਇਸ ਤਰ੍ਹਾਂ ਦੇ ਰੁਝਾਨ ਪ੍ਰਤੀ ਉਚੇਰੀ ਸਿੱਖਿਆ ਬਰਾਦਰੀ ਅੰਦਰ ਮਾਯੂਸੀ ਸਾਫ਼ ਝਲਕ ਰਹੀ ਹੈ। ਸਾਲ 2023 ਅਤੇ 2024 ਵਿੱਚ ਅਮਰੀਕਾ ’ਚ ਦਸ ਲੱਖ ਤੋਂ ਵੱਧ ਕੌਮਾਂਤਰੀ ਵਿਦਿਆਰਥੀ ਆਏ ਸਨ ਅਤੇ ਅਮਰੀਕੀ ਅਰਥਚਾਰੇ ਵਿੱਚ ਇਨ੍ਹਾਂ ਦਾ ਯੋਗਦਾਨ 43.8 ਅਰਬ ਡਾਲਰ ਦਾ ਹੈ ਅਤੇ ਇਨ੍ਹਾਂ ਨੇ 3 ਲੱਖ 78 ਹਜ਼ਾਰ ਨੌਕਰੀਆਂ ਪੈਦਾ ਕਰਨ ਵਿੱਚ ਮਦਦ ਦਿੱਤੀ ਸੀ।

Advertisement

ਅਮਰੀਕਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦਾ ਭਰਵਾਂ ਹਿੱਸਾ ਭਾਰਤ ਤੋਂ ਹੈ ਅਤੇ ਪ੍ਰਸ਼ਾਸਨ ਦੇ ਇਸ ਰਵੱਈਏ ਦਾ ਉਨ੍ਹਾਂ ’ਤੇ ਅਸਰ ਪੈਣਾ ਲਾਜ਼ਮੀ ਹੈ। ਸੰਭਵ ਹੈ ਕਿ ਉਨ੍ਹਾਂ ਦੇ ਅਮਰੀਕਾ ਸੁਫਨੇ ਬਚੇ ਰਹਿਣ ਪਰ ਇਸ ਨਾਲ ਬਹੁਤ ਸਾਰੇ ਸੰਭਾਵੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਤੇ ਖੋਜ ਦੀਆਂ ਯੋਜਨਾਵਾਂ ਬਾਰੇ ਮੁੜ ਸੋਚਣਾ ਪੈ ਰਿਹਾ ਹੈ। ਕਿਸੇ ਆਦਰਸ਼ਕ ਹਾਲਤ ਵਿੱਚ ਇਸ ਨਾਲ ਭਾਰਤ ਨੂੰ ਆਪਣੀਆਂ ਸ਼ਾਨਦਾਰ ਪ੍ਰਤਿਭਾਵਾਂ ਨੂੰ ਆਪਣੇ ਕੋਲ ਰੱਖਣ ਦਾ ਵਧੀਆ ਮੌਕਾ ਹੋਣਾ ਸੀ। ਉਂਝ, ਇਹ ਨਿਰੀ ਖਾਮ-ਖਿਆਲੀ ਹੈ ਅਤੇ ਹਕੀਕਤ ਤੋਂ ਨੀਤੀਘਾਡਿ਼ਆਂ ਨੂੰ ਅੱਖਾਂ ਬੰਦ ਨਹੀਂ ਕਰ ਲੈਣੀਆਂ ਚਾਹੀਦੀਆਂ। ਆਮ ਤੌਰ ’ਤੇ ਅਮਰੀਕਾ ਦੇ ਮਾਮਲੇ ਵਿੱਚ ਸਾਡਾ ਰਵੱਈਆ ਅਜੀਬ ਕਿਸਮ ਦਾ ਰਿਹਾ ਹੈ; ਬਹੁਤ ਮਾਮਲਿਆਂ ਵਿੱਚ ਅਸੀਂ ‘ਦੜ ਵੱਟ ਜ਼ਮਾਨਾ ਕੱਟ’ ਵਾਲੀ ਪਹੁੰਚ ਅਪਣਾਈ ਹੈ ਪਰ ਕੀ ਇਸ ਨਾਲ ਟਰੰਪ ਪ੍ਰਸ਼ਾਸਨ ਦੇ ਹੌਸਲੇ ਨਹੀਂ ਵਧ ਰਹੇ?

ਅਮਰੀਕਾ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਨਾ ਕੇਵਲ ਉਮਦਾ ਅਧਿਐਨ ਦੇ ਸਥਾਨ ਹਨ ਸਗੋਂ ਉਹ ਬੋਲਣ ਅਤੇ ਸੋਚਣ ਦੀ ਅਜ਼ਾਦੀ ਦੀਆਂ ਅਲੰਬਰਦਾਰ ਵੀ ਹਨ। ਇਨ੍ਹਾਂ ਸੰਸਥਾਵਾਂ ਅੰਦਰ ਲਗਭਗ ਹਰੇਕ ਸ਼ੋਹਬੇ ਵਿੱਚ ਮਿਲਦੀ ਖੁੱਲ੍ਹ ਸਦਕਾ ਇਹ ਵਿਦਿਆਰਥੀਆਂ, ਖੋਜਕਾਰਾਂ ਤੇ ਸੁਫਨਸਾਜ਼ਾਂ ਦੀ ਆਲਮੀ ਬਰਾਦਰੀ ਲਈ ਰੌਸ਼ਨ ਮੁਨਾਰੇ ਬਣੀਆਂ ਹੋਈਆਂ ਹਨ। ਟਰੰਪ ਪ੍ਰਸ਼ਾਸਨ ਦੀ ਨਵੀਂ ਨੀਤੀ ਇਸ ਅਮਲ ਨੂੰ ਉਲਟਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਨਾਲ ਸਿੱਝਣਾ ਸਾਡੇ ਸਮਿਆਂ ਦੀ ਚੁਣੌਤੀ ਬਣ ਗਈ ਹੈ। ਜਿਸ ਤਰ੍ਹਾਂ ਇਨ੍ਹਾਂ ਸੰਸਥਾਵਾਂ ਨੇ ਇਕਜੁੱਟਤਾ ਦਰਸਾਈ ਹੈ, ਉਹ ਆਸ ਬੰਨ੍ਹਾਉਂਦੀ ਹੈ। ਇਸ ਮੌਕੇ ਆਸ ਦਾ ਲੜ ਫੜੀ ਰੱਖਣਾ ਹੀ ਸ਼ਾਇਦ ਇਸ ਚੁਣੌਤੀ ਦਾ ਸਭ ਤੋਂ ਵਧੀਆ ਜਵਾਬ ਹੋ ਸਕਦਾ ਹੈ।

Advertisement

Advertisement