ਅਮਨ ਅਰੋੜਾ ਵੱਲੋਂ ਸਰਹਿੰਦ ਚੋਅ ਦੇ ਪੁਲ ਦਾ ਉਦਘਾਟਨ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 22 ਦਸੰਬਰ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਸੰਗਰੂਰ-ਸੁਨਾਮ ਰੋਡ ’ਤੇ ਸਰਹਿੰਦ ਚੋਅ ਉਪਰ ਨਵਾਂ ਉਸਾਰਿਆ ਪੁਲ ਲੋਕਾਂ ਨੂੰ ਸਮਰਪਿਤ ਕੀਤਾ। ਜਾਣਕਾਰੀ ਅਨੁਸਾਰ ਇਸ ਪੁਲ ਨੂੰ 4.69 ਕਰੋੜ ਰੁਪਏ ਦੀ ਲਾਗਤ ਨਾਲ ਮੁੜ ਉਸਾਰਿਆ ਗਿਆ ਹੈ ਤੇ ਪੁਰਾਣਾ ਪੁਲ ਪਿਛਲੀਆਂ ਬਰਸਾਤਾਂ ਕਾਰਨ ਖਸਤਾ ਹਾਲ ਹੋ ਗਿਆ ਸੀ। ਉਦਘਾਟਨੀ ਸਮਾਰੋਹ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਸਾਲ ਭਾਰੀ ਬਰਸਾਤਾਂ ਕਾਰਨ ਇਹ ਪੁਲ ਟੁੱਟ ਗਿਆ ਸੀ ਜਿਸ ਕਾਰਨ ਸੰਗਰੂਰ ਤੋਂ ਸੁਨਾਮ ਜਾਣ ਲਈ ਲੋਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਤਕਨੀਕੀ ਪੱਧਰ ’ਤੇ ਹੁਣ ਬਹੁਤ ਮਿਆਰੀ ਅਤੇ ਮਜ਼ਬੂਤ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਿਰਧਾਰਿਤ ਸਮਾਂ ਸੀਮਾ ਤੋਂ ਪਹਿਲਾਂ ਤਿਆਰ ਕੀਤੇ ਗਏ ਇਸ ਪੁਲ ਨਾਲ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਅਗਲੇ 50 ਸਾਲ ਇਸ ਪੁਲ ਨੂੰ ਨਿਰਮਾਣ ਕਾਰਜਾਂ ਪੱਖੋਂ ਕੋਈ ਦਿੱਕਤ ਸਾਹਮਣੇ ਨਹੀਂ ਆਵੇਗੀ। ਉਹਾਂ ਕਿਹਾ ਕਿ ਇਹ ਪੁਲ 7 ਮੀਟਰ ਚੌੜਾ ਸੀ ਜਿਸ ਨੂੰ ਹੁਣ ਵਧਾ ਕੇ 10.50 ਮੀਟਰ ਚੌੜਾ ਅਤੇ ਪਹਿਲਾਂ ਨਾਲੋਂ 1 ਮੀਟਰ ਉੱਚਾ ਕਰ ਦਿੱਤਾ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਅਜੇ ਗਰਗ ਅਤੇ ਨੇੜਲੇ ਪਿੰਡਾਂ ਦੇ ਵੱਡੀ ਗਿਣਤੀ ਲੋਕ ਵੀ ਮੌਜੂਦ ਸਨ।
ਪੰਜ ਪੰਚਾਇਤ ਘਰਾਂ ਦਾ ਉਦਘਾਟਨ ਕੀਤਾ
ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਧਾਨ ਸਭਾ ਹਲਕਾ ਸੁਨਾਮ ਉਧਮ ਸਿੰਘ ਵਾਲਾ ਅਧੀਨ ਆਉਂਦੇ 5 ਪਿੰਡਾਂ ਵਿੱਚ ਦੋ ਕਰੋੜ ਦੀ ਲਾਗਤ ਨਾਲ ਬਣੇ ਪੰਚਾਇਤ ਘਰਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਦਿਹਾਤੀ ਤੇ ਸ਼ਹਿਰੀ ਖੇਤਰ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁੱਹਈਆ ਕਰਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਕੈਬਨਿਟ ਮੰਤਰੀ ਨੇ ਪਿੰਡ ਬਖਸ਼ੀਵਾਲਾ, ਸ਼ਾਹਪੁਰ, ਲੋਹਾਖੇੜਾ, ਤੁੰਗਾ ਅਤੇ ਈਲਵਾਲ ਵਿਖੇ 40-40 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਪੰਚਾਇਤ ਘਰਾਂ ਦਾ ਉਦਘਾਟਨ ਕੀਤਾ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਮੌਜੂਦ ਸਨ।