ਅਫ਼ਗਾਨਿਸਤਾਨ ਤੋਂ ਆਏ ਟਰੱਕ ਦੂਜੇ ਦਿਨ ਵੀ ਅਟਾਰੀ ਸਰਹੱਦ ਰਸਤੇ ਭਾਰਤ ਪੁੱਜੇ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ):
ਅਫ਼ਗਾਨਿਸਤਾਨ ਤੋਂ ਸੁੱਕੇ ਮੇਵੇ ਤੇ ਹੋਰ ਸਾਮਾਨ ਨਾਲ ਭਰੇ 14 ਟਰੱਕ ਅੱਜ ਦੂਜੇ ਦਿਨ ਵੀ ਪਾਕਿਸਤਾਨ ਰਸਤੇ ਅਟਾਰੀ ਆਈਸੀਪੀ ਪੁੱਜੇ। ਬੀਤੇ ਕੱਲ੍ਹ ਵੀ ਲਗਪਗ ਦਰਜਨ ਭਰ ਅਫ਼ਗਾਨਿਸਤਾਨੀ ਟਰੱਕ ਆਏ ਸਨ। ਪਹਿਲਗਾਮ ਵਿੱਚ ਅਤਿਵਾਦੀ ਹਮਲੇ ਤੋਂ ਬਾਅਦ ਰੋਸ ਵਜੋਂ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਸਬੰਧ ਤੋੜ ਲਏ ਗਏ ਸਨ ਅਤੇ ਇਸ ਤਹਿਤ ਹੀ ਅਟਾਰੀ ਸਰਹੱਦ ਨੂੰ ਵਪਾਰ ਤੇ ਆਵਾਜਾਈ ਵਾਸਤੇ ਬੰਦ ਕਰ ਦਿੱਤਾ ਗਿਆ ਸੀ ਜਿਸ ਕਾਰਨ ਇਹ ਟਰੱਕ ਭਾਰਤ ਦਾਖਲ ਨਹੀਂ ਹੋ ਸਕੇ ਸਨ। ਜਾਣਕਾਰੀ ਮੁਤਾਬਕ ਅਜਿਹੇ ਲਗਪਗ 150 ਤੋਂ ਵੱਧ ਟਰੱਕ ਪਾਕਿਸਤਾਨ ਵਾਲੇ ਪਾਸੇ ਵੱਖ-ਵੱਖ ਥਾਵਾਂ ’ਤੇ ਰੁਕੇ ਹੋਏ ਸਨ ਜਿਨ੍ਹਾਂ ਵਿਚੋਂ ਕਈ ਟਰੱਕ ਭਾਰਤ ਪੁੱਜ ਚੁੱਕੇ ਹਨ। ਆਈਸੀਪੀ ਵਿਚ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵਪਾਰ ਬਹਾਲੀ ਲਈ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ, ਇਹ ਸਿਰਫ ਉਹੀ ਟਰੱਕ ਹਨ ਜੋ ਅਫ਼ਗਾਨਿਸਤਾਨ ਤੋਂ ਚੱਲੇ ਸਨ ਪਰ ਭਾਰਤ ਵਿੱਚ ਦਾਖਲ ਨਹੀਂ ਹੋ ਸਕੇ ਸਨ। ਇਹ ਟਰੱਕ ਹੁਣ ਜੰਗਬੰਦੀ ਤੋਂ ਬਾਅਦ ਭਾਰਤ ਵਿੱਚ ਦਾਖਲ ਹੋ ਰਹੇ ਹਨ।