ਅਪਰੇਸ਼ਨ ਸਿੰਧੂਰ: ਸੁਖਨਾ ਝੀਲ ’ਤੇ ਕਿਸ਼ਤੀਆਂ ’ਚ ਕੱਢੀ ਤਿਰੰਗਾ ਯਾਤਰਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਈ
ਚੰਡੀਗੜ੍ਹ ਭਾਜਪਾ ਨੇ ਅੱਜ ਸਮਾਜ ਸੇਵੀ ਜਥੇਬੰਦੀ ਕਰਤੱਵਯ ਨਿਸ਼ਠਾ ਦੇ ਸਹਿਯੋਗ ਨਾਲ ਅਪਰੇਸ਼ਨ ਸਿੰਧੂਰ ਦੀ ਸਫ਼ਲਤਾ ਲਈ ਸੁਖਨਾ ਝੀਲ ’ਤੇ ਤਿਰੰਗਾ ਯਾਤਰਾ ਕੱਢੀ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ। ਇਸ ਦੌਰਾਨ ਦਰਜਨਾਂ ਕਿਸ਼ਤੀਆਂ ਵਿੱਚ ਮੌਜੂਦ ਨੌਜਵਾਨਾਂ ਨੇ ਤਿਰੰਗਾ ਝੰਡਾ ਹੱਥਾਂ ਵਿੱਚ ਲੈ ਕੇ ਨਾਅਰੇਬਾਜ਼ੀ ਕੀਤੀ। ਇਸ ਤਿਰੰਗਾ ਯਾਤਰਾ ਨੂੰ ਕਰਨਲ ਰਾਜ ਪਰਮਾਰ ਅਤੇ ਲੈਫਟੀਨੈਂਟ ਕਰਨਲ ਅਨੂਪ ਗਰੇਵਾਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਹੈ।
ਭਾਜਪਾ ਦੇ ਮੀਡੀਆ ਇੰਚਾਰਜ ਸੰਜੀਵ ਰਾਣਾ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਅਪਰੇਸ਼ਨ ਸਿੰਧੂਰ ਰਾਹੀਂ ਪਾਕਿਸਤਾਨ ਦੇ ਅਤਿਵਾਦੀ ਟਿਕਾਣਿਆਂ ਦਾ ਨਾਸ਼ ਕਰ ਕੇ ਇਤਿਹਾਸਕ ਕੰਮ ਕੀਤਾ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਅਤਿਵਾਦੀਆਂ ਨੂੰ ਪਨਾਹ ਦਿੱਤੀ ਜਾ ਰਹੀ ਸੀ। ਇਸ ਦੇ ਨਾਲ ਹੀ ਪਾਕਿਸਤਾਨ ਵੱਲੋਂ ਕੀਤੀ ਜਾਂਦੀਆਂ ਕਾਰਵਾਈਆਂ ਦਾ ਵੀ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਰਤ ਦੇਸ਼ ਚੁੱਪ ਕਰ ਕੇ ਬੈਠਣ ਵਾਲਾ ਨਹੀਂ ਹੈ, ਉਹ ਪਾਕਿਸਤਾਨ ਜਾਂ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਦੇਸ਼ ਵਿਰੋਧੀ ਗੱਲ ਕਰਨ ’ਤੇ ਮੂੰਹ ਤੋੜਵਾਂ ਜਵਾਬ ਦੇਣ ਲਈ ਤਿਆਰ ਹੈ।
ਇਸ ਮੌਕੇ ਰਵੀ ਰਾਵਤ, ਰਮੇਸ਼ ਸੋਹਦ, ਰਾਜ ਕੁਮਾਰ ਰਾਣਾ, ਕੇਤਨ ਮੰਕੋਟੀਆ, ਖੁਸ਼ਿਵੰਦਰ ਕਾਕੂ, ਸੌਰਵ ਪੰਵਾਰ, ਕਾਰਤਿਕ ਗਾਬਾ ਸਣੇ ਹੋਰ ਨੌਜਵਾਨ ਸ਼ਾਮਲ ਰਹੇ। ਇਸ ਤੋਂ ਇਲਾਵਾ ਕਰਤੱਵਯ ਨਿਸ਼ਠਾ ਸੰਸਥਾ ਦੇ ਵੱਡੀ ਗਿਣਤੀ ਮੈਂਬਰ ਮੌਜੂਦ ਰਹੇ।