‘ਅਪਰੇਸ਼ਨ ਸਿੰਧੂਰ’ ਬਾਰੇ ਜਾਣਕਾਰੀ ਦੇਣ ਵੇਲੇ ‘ਨਾਰੀ ਸ਼ਕਤੀ’ ਬਣੀ ਮਿਸਾਲ
ਨਵੀਂ ਦਿੱਲੀ, 7 ਮਈ
‘ਅਪਰੇਸ਼ਨ ਸਿੰਧੂਰ’ ਬਾਰ ਇੱਥੇ ਅੱਜ ਕੀਤੀ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਭਾਰਤ ਦੀ ਨਾਰੀ ਸ਼ਕਤੀ ਦਾ ਅਸਲ ਰੂਪ ਉਦੋਂ ਦੇਖਣ ਨੂੰ ਮਿਲਿਆ, ਜਦੋਂ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਨਾਲ ਦੋ ਮਹਿਲਾ ਫੌਜੀ ਅਧਿਕਾਰੀ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿੱਚ ਨੌਂ ਅਤਿਵਾਦੀ ਟਿਕਾਣਿਆਂ ’ਤੇ ਹਥਿਆਰਬੰਦ ਬਲਾਂ ਵੱਲੋਂ ਕੀਤੇ ਗਏ ਸਟੀਕ ਹਮਲਿਆਂ ਬਾਰੇ ਜਾਣਕਾਰੀ ਦੇ ਰਹੀਆਂ ਸਨ। ਇਸ ਮੌਕੇ ਭਾਰਤ ਦੀ ‘ਨਾਰੀ ਸ਼ਕਤੀ ’ਤੇ ਜ਼ੋਰ ਦਿੱਤਾ ਗਿਆ, ਖ਼ਾਸ ਕਰ ਕੇ ਹਥਿਆਰਬੰਦ ਬਲਾਂ ਦੇ ਖੇਤਰ ’ਚ।
ਨੈਸ਼ਨਲ ਮੀਡੀਆ ਸੈਂਟਰ ਵਿੱਚ ਹੋਈ ਇਸ ਪ੍ਰੈੱਸ ਕਾਨਫਰੰਸ ਦੌਰਾਨ ਮਿਸਰੀ ਦੇ ਨਾਲ ਕਰਨਲ ਸੋਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਵੀ ਮੌਜੂਦ ਸਨ, ਜਿਨ੍ਹਾਂ ਨੇ ਫੌਜ ਤੇ ਕੂਟਨੀਤੀ ਵਿੱਚ ਭਾਰਤ ਦੀ ਤਾਕਤ ਦੇ ਸੁਮੇਲ ਦੀ ਇਕ ਸ਼ਾਨਦਾਰ ਤਸਵੀਰ ਪੇਸ਼ ਕੀਤੀ। ਫੌਜ ਦੇ ਸਿਗਨਲ ਕੋਰ ਦੀ ਕਰਨਲ ਕੁਰੈਸ਼ੀ ਅਤੇ ਹੈਲੀਕਾਪਟਰ ਪਾਇਲਟ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਅੱਜ ਤੜਕੇ ਨਿਸ਼ਾਨਾ ਬਣਾਈਆਂ ਗਈਆਂ ਥਾਵਾਂ ਦੇ ਨਾਮ ਤੇ ਵੇਰਵੇ ਸਾਂਝੇ ਕੀਤੇ। ਕਰਨਲ ਕੁਰੈਸ਼ੀ ਨੇ ਹਿੰਦੀ ਵਿੱਚ ਗੱਲ ਕੀਤੀ ਜਦਕਿ ਭਾਰਤੀ ਹਵਾਈ ਸੈਨਾ ਦੀ ਹੈਲੀਕਾਪਟਰ ਪਾਇਲਟ ਨੇ ਅੰਗਰੇਜ਼ੀ ਵਿੱਚ ਵੇਰਵੇ ਸਾਂਝੇ ਕੀਤੇ। ਕਰਨਲ ਕੁਰੈਸ਼ੀ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਫੌਜ ਵਿੱਚ ਸੇਵਾ ਨਿਭਾਉਂਦਾ ਆ ਰਿਹਾ ਹੈ। ਕਰਨਲ ਕੁਰੈਸ਼ੀ, ਜਿਨ੍ਹਾਂ ਨੇ ਬਚਪਨ ਤੋਂ ਹੀ ਰਾਸ਼ਟਰ ਸੇਵਾ ਦੀ ਭਾਵਨਾ ਨੂੰ ਧਾਰਨ ਕਰ ਲਿਆ ਸੀ, ਨੇ ਸਕਰੀਨ ’ਤੇ ਦਿਖਾਏ ਗਏ ਕੁਝ ਦ੍ਰਿਸ਼ਾਂ ਦੇ ਨਾਲ ਵੇਰਵੇ ਪੜ੍ਹੇ ਜਿਨ੍ਹਾਂ ਵਿੱਚ ਨਿਸ਼ਾਨਾ ਬਣਾਈਆਂ ਗਈਆਂ ਥਾਵਾਂ ਨੂੰ ਦਰਸਾਇਆ ਗਿਆ ਸੀ। ਇਸ ਕਾਰਵਾਈ ਵਿੱਚ ਨੌਂ ਅਤਿਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਨਸ਼ਟ ਕਰ ਦਿੱਤਾ ਗਿਆ। -ਪੀਟੀਆਈ
ਅਤਿਵਾਦੀ ਕੈਂਪਾਂ ’ਤੇ ਹਮਲਾ ‘ਸਟੀਕ ਸਮਰੱਥਾ’ ਰਾਹੀਂ ਕੀਤਾ: ਵਯੋਮਿਕਾ ਸਿੰਘ
ਵਿੰਗ ਕਮਾਂਡਰ ਵਯੋਮਿਕਾ ਸਿੰਘ ਨੇ ਕਿਹਾ ਕਿ ਅਤਿਵਾਦੀ ਕੈਂਪਾਂ ’ਤੇ ਹਮਲਾ ‘ਸਟੀਕ ਸਮਰੱਥਾਵਾਂ’ ਰਾਹੀਂ ਕੀਤਾ ਗਿਆ। ਇਸ ਆਪ੍ਰੇਸ਼ਨ ਦੌਰਾਨ ਅਤਿ-ਆਧੁਨਿਕ ਹਥਿਆਰਾਂ ਦੀ ਚੋਣ ਕੀਤੀ ਗਈ ਤਾਂ ਜੋ ਉਹ ਸਟੀਕ ਨਿਸ਼ਾਨੇ ਨੂੰ ਨਸ਼ਟ ਕਰਨ ਅਤੇ ਹੋਰ ਨੁਕਸਾਨ ਨਾ ਕਰਨ। ਉਨ੍ਹਾਂ ਕਿਹਾ ਕਿ ਟੀਚੇ ਵਿੱਚ ਕੇਂਦਰ ਬਿੰਦੂ ਇਕ ਇਮਾਰਤ ਜਾਂ ਇਮਾਰਤਾਂ ਦਾ ਸਮੂਹ ਸੀ। ਸਾਰੇ ਟੀਚਿਆਂ ਨੂੰ ਪੂਰੀ ਕੁਸ਼ਲਤਾ ਨਾਲ ਬੇਅਸਰ ਕੀਤਾ ਗਿਆ। ਇਹ ਆਪ੍ਰੇਸ਼ਨ ਯੋਜਨਾ ਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਸਮੇਂ ਭਾਰਤੀ ਹਥਿਆਰਬੰਦ ਬਲਾਂ ਦੀ ਪੇਸ਼ੇਵਰ ਮੁਹਾਰਤ ਨੂੰ ਦਰਸਾਉਂਦਾ ਹੈ। ਵਿੰਗ ਕਮਾਂਡਰ ਨੇ ਕਿਹਾ ਕਿ ਅਪਰੇਸ਼ਨ ਸਿੰਧੂਰ ਦੌਰਾਨ ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।