ਅਪਰੇਸ਼ਨ ਸ਼ੀਲਡ: ਹਵਾਈ ਹਮਲਿਆਂ ਤੋਂ ਬਚਾਉਣ ਲਈ ਮੌਕ ਡਰਿੱਲ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 1 ਜੂਨ
ਐੱਸਡੀਐੱਮ ਪੰਕਜ ਸੇਤੀਆ ਨੇ ਕਿਹਾ ਕਿ ਅਪਰੇਸ਼ਨ ਸ਼ੀਲਡ ਤਹਿਤ ਮੌਕ ਡਰਿੱਲ ਦੌਰਾਨ ਦਰਜਨਾਂ ਲੋਕਾਂ ਨੂੰ ਹਮਲੇ ਤੇ ਅੱਗ ਤੋਂ ਬਚਾਇਆ ਗਿਆ। ਇਨਾਂ ਸਾਰੇ ਲੋਕਾਂ ਨੂੰ ਫੌਰੀ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ, ਪਿਹੋਵਾ ਵਿਚ ਸੈਨਸਨ ਪੇਪਰ ਮਿੱਲ ਸ਼ਾਹਬਾਦ ਵਿਚ ਸ਼ੂਗਰ ਮਿੱਲ ਵਿਚ ਅਪਰੇਸ਼ਨ ਸ਼ੀਲਡ ਸਫਲਤਾ ਪੂਰਵਕ ਕੀਤੇ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਅੰਦਰ ਸ਼ਾਂਤੀ ਬਣਾਏ ਰੱਖਣ ਲਈ ਅਜਿਹੇ ਪ੍ਰਯੋਗਾਂ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਕਰਨ। ਅਪਰੇਸ਼ਨ ਸ਼ੀਲਡ ਦੇ ਪਹਿਲੇ ਪੜਾਅ ਵਿਚ ਬ੍ਰਹਮ ਸਰੋਵਰ ਵਿਖੇ ਰਾਹਤ ਟੀਮਾਂ ਮੌਕੇ ਤੇ ਪਹੁੰਚਿਆਂ ਤੇ ਉਥੋਂ ਲੋਕਾਂ ਨੂੰ ਚਲੇ ਜਾਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇਹਾ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਤਿੰਨ ਥਾਵਾਂ ਕੁਰੂਕਸ਼ੇਤਰ, ਪਿਹੋਵਾ ਤੇ ਸ਼ਾਹਬਾਦ ਵਿਚ ਮੌਕ ਡਰਿੱਲ ਕੀਤੀ ਗਈ। ਇਸ ਅਪਰੇਸ਼ਨ ਸ਼ੀਲਡ ਦੌਰਾਨ ਲੋਕਾਂ ਨੂੰ ਹਵਾਈ ਹਮਲੇ, ਅੱਗ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਰਾਹਤ ਟੀਮਾਂ ਵਲੋਂ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਹਸਪਤਾਲ ਵਿਚ ਲੋੜੀਦੀਂ ਮਾਤਰਾ ਵਿਚ ਦਵਾਈਆਂ ਆਦਿ ਉਪਲੱਬਧ ਸਨ। ਇਸ ਅਪਰੇਸ਼ਨ ਸ਼ੀਲਡ ਦੌਰਾਨ ਫਾਇਰ ਬ੍ਰਿਗੇਡ ਟੀਮਾਂ ਨੇ ਅੱਗ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸ਼ੀਲਡ ਤੋਂ ਬਾਅਦ ਪ੍ਰਸ਼ਾਸਨ ਮੁਲਾਂਕਣ ਕਰੇਗਾ।
ਸਫੀਦੋਂ ਮਿੰਨੀ ਸਕੱਤਰੇਤ ਕੰਪਲੈਕਸ ਵਿੱਚ ਮੌਕ ਡਰਿੱਲ
ਜੀਂਦ (ਮਹਾਂਵੀਰ ਮਿੱਤਲ): ਜ਼ਿਲ੍ਹਾ ਮਾਲ ਅਫ਼ਸਰ ਰਾਜਕੁਮਾਰ ਦੀ ਅਗਵਾਈ ਹੇਠ, ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਸਫੀਦੋਂ ਮਿੰਨੀ ਸਕੱਤਰੇਤ ਵਿਖੇ ਇੱਕ ਮੌਕ ਡਰਿੱਲ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਮੌਕ ਡਰਿੱਲ ਦਾ ਉਦੇਸ਼ ਆਮ ਲੋਕਾਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਮੌਕ ਡਰਿੱਲ ਦੌਰਾਨ ਇਹ ਮੰਨਿਆ ਜਾਂਦਾ ਹੈ ਕਿ ਕਿਤੇ ਕੋਈ ਹਾਦਸਾ ਵਾਪਰ ਗਿਆ ਹੈ, ਉਸ ਸਮੇਂ ਸਭ ਤੋਂ ਪਹਿਲਾਂ ਜ਼ਖਮੀ ਵਿਅਕਤੀ ਨੂੰ ਮੁੱਢਲੀ ਸਹਾਇਤਾ, ਸੀ.ਪੀ.ਆਰ., ਸਟਰੈਚਰ ਦਾ ਪ੍ਰਬੰਧ ਅਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਗੰਭੀਰ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਇਸ ਤਰ੍ਹਾਂ ਐਨ.ਸੀ.ਸੀ. ਦੇ ਵਿਦਿਆਰਥੀਆਂ, ਹੋਮ ਗਾਰਡਾਂ, ਪੁਲਿਸ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ, ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੂਜੇ ਸਿਵਲ ਡਿਫੈਂਸ ਐਕਸਰਸਾਈਜ਼ ਆਪ੍ਰੇਸ਼ਨ ਸ਼ੀਲਡ ਤਹਿਤ ਮੌਕ ਡਰਿੱਲ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਅਮਲੀ ਤੌਰ ’ਤੇ ਕੀਤੇ ਗਏ।ਇਸ ਮੌਕੇ ਨਾਇਬ ਤਹਿਸੀਲਦਾਰ ਵਿਕਾਸ ਕੁਮਾਰ, ਡੀਐਸਪੀ ਗੌਰਵ ਸ਼ਰਮਾ, ਐਸਈਪੀਓ ਨਰੇਸ਼ ਕੁਮਾਰ, ਐਨਸੀਸੀ ਟੁਕੜੀ, ਹੋਮ ਗਾਰਡ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਸਵੈ-ਰੱਖਿਆ ਸਿਖਲਾਈ ਹਰੇਕ ਲਈ ਜ਼ਰੂਰੀ: ਵਿਕਾਸ ਕੁਮਾਰ
ਜੀਂਦ (ਪੱਤਰ ਪ੍ਰੇਰਕ): ਨਾਇਬ ਤਹਿਸੀਲਦਾਰ ਵਿਕਾਸ ਕੁਮਾਰ ਨੇ ਕਿਹਾ ਕਿ ਸਵੈ-ਰੱਖਿਆ ਹਰ ਵਿਅਕਤੀ ਦੀ ਸਭ ਤੋਂ ਵੱਡੀ ਲੋੜ ਹੈ। ਸਵੈ-ਰੱਖਿਆ ਦਾ ਗਿਆਨ ਸਾਨੂੰ ਯੁੱਧ ਦੌਰਾਨ ਆਪਣੀ ਰੱਖਿਆ ਕਰਨ ਵਿੱਚ ਮਦਦ ਕਰੇਗਾ। ਸਿਰਫ਼ ਜੰਗ ਵਿੱਚ ਹੀ ਨਹੀਂ, ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਵੈ-ਰੱਖਿਆ ਦਾ ਗਿਆਨ ਸਾਨੂੰ ਆਪਣੇ ਪਰਿਵਾਰ ਦੀ ਰੱਖਿਆ ਕਰਨ ਅਤੇ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਾਡੇ ਲਈ ਅਨੁਕੂਲ ਬਣਾਉਣ ਵਿੱਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹੋਰ ਕਈ ਸੁਰੱਖਿਆ ਅਤੇ ਸਵੈ-ਰੱਖਿਆ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਐਸਈਪੀਓ ਨਰੇਸ਼ ਕੁਮਾਰ, ਦਿਲਬਾਗ ਸਿੰਘ, ਸੰਦੀਪ, ਰਾਹੁਲ, ਸੰਜੇ ਆਦਿ ਮੌਜੂਦ ਸਨ।