ਅਪਰੇਸ਼ਨ ਸ਼ੀਲਡ: ਪੰਜਾਬ, ਚੰਡੀਗੜ੍ਹ ਸਣੇ ਸਰਹੱਦੀ ਸੂਬਿਆਂ ’ਚ ਮੌਕ ਡਰਿੱਲ
ਆਤਿਸ਼ ਗੁਪਤਾ
ਚੰਡੀਗੜ੍ਹ, 31 ਮਈ
ਭਾਰਤ-ਪਾਕਿਸਤਾਨ ਵਿਚਕਾਰ ਗੋਲੀਬੰਦੀ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਕਿਸੇ ਵੀ ਹਮਲੇ ਜਾਂ ਹਵਾਈ ਹਮਲੇ ਨਾਲ ਨਜਿੱਠਣ ਲਈ ਸਰਹੱਦੀ ਸੂਬਿਆਂ ਵਿੱਚ ਅੱਜ ਸ਼ਾਮ ਸਮੇਂ ‘ਅਪਰੇਸ਼ਨ ਸ਼ੀਲਡ’ ਤਹਿਤ ਕੀਤੀ ਮੌਕਡਰਿੱਲ ਕੀਤੀ ਗਈ। ਇਸ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ, ਜੰਮੂ ਤੇ ਕਸ਼ਮੀਰ, ਗੁਜਰਾਤ ਅਤੇ ਚੰਡੀਗੜ੍ਹ ਵਿੱਚ ਸ਼ਾਮ ਸਮੇਂ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਦੇਰ ਸ਼ਾਮ ਬਲੈਕਆਊਟ ਦੇ ਸਾਇਰਨ ਵਜਾਏ ਗਏ ਅਤੇ ਬਲੈਕਆਊਟ ਕੀਤਾ ਗਿਆ। ਇਸ ਮੌਕੇ ਕੇਂਦਰੀ ਸੁਰੱਖਿਆ ਬਲ, ਪੁਲੀਸ, ਫਾਇਰ ਬ੍ਰਿਗੇਡ, ਸਿਹਤ ਵਿਭਾਗ ਤੇ ਆਪਦਾ ਪ੍ਰਬੰਧਨ ਨਾਲ ਸਬੰਧਤ ਹੋਰਨਾਂ ਟੀਮਾਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਸਿਵਲ ਡਿਫੈਂਸ ਵਾਲੰਟੀਅਰਾਂ ਤੇ ਲੋਕਾਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਡੀਸੀ ਤੇ ਐੱਸਐੱਸਪੀ ਦੀ ਦੇਖਰੇਖ ਹੇਠ ਦਿਨ ਸਮੇਂ ਮੌਕਡਰਿੱਲ ਕੀਤੀ ਗਈ। ਇਸ ਤੋਂ ਬਾਅਦ ਸ਼ਾਮ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ, ਜਿਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ। ਹਾਲਾਂਕਿ ਇਹ ਬਲੈਕਆਊਟ 10 ਤੋਂ 15 ਮਿੰਟ ਦਾ ਹੀ ਸੀ, ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸ਼ਹਿਰ ਦੇ ਕੁਝ ਚੋਣਵੇਂ ਖੇਤਰਾਂ ਵਿੱਚ ਬਲੈਕਆਊਟ ਕੀਤਾ ਗਿਆ।
ਬਲੈਕਆਊਟ ਦੌਰਾਨ ਸੜਕਾਂ ’ਤੇ ਵਾਹਨ ਚਲਾਉਣ ਵਾਲੇ ਲੋਕਾਂ ਦੀਆਂ ਕਾਰਾਂ ਦੀਆਂ ਲਾਈਟਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ। ਇਸ ਮੌਕੇ ਸਿਵਲ ਡਿਫੈਂਸ ਵਾਲੰਟੀਅਰਾਂ ਨੇ ਲੋਕਾਂ ਨੂੰ ਬਲੈਕਆਊਟ ਬਾਰੇ ਜਾਗਰੂਕ ਕੀਤਾ।