ਅਨੋਖੀ ਖ਼ੁਸ਼ੀ
ਸ਼ਰਨਪ੍ਰੀਤ ਕੌਰ
ਰਣਜੀਤ ਘਰ ਆਇਆ। ਬੱਚੇ ਆਪਸ ’ਚ ਹਾਸਾ-ਮਜ਼ਾਕ ਤੇ ਆਪਣੀ ਮਾਂ ਨਾਲ ਪਿਆਰ ਭਰੀਆਂ ਸ਼ਰਾਰਤਾਂ ਕਰ ਰਹੇ ਸੀ। ਰਣਜੀਤ ਨੂੰ ਇਹ ਸਭ ਵੇੇਖ ਕੇ ਖ਼ੁਸ਼ੀ ਦੇ ਨਾਲ ਹੈਰਾਨੀ ਵੀ ਹੋਈ ਕਿ ਅੱਜ ਇਹ ਪਾਸਾ ਪਲਟਿਆ ਕਵਿੇਂ ਪਿਆ ਹੈ, ਬੱਚੇ ਬਦਲ ਕਵਿੇਂ ਗਏ? ਇਹ ਸਭ ਸੋਚਦਾ ਉਹ ਆਪਣੀ ਪਤਨੀ ਸ਼ਿੰਦਰ ਕੋਲ ਆਇਆ, ‘‘ਕੀ ਗੱਲ ਐ? ਅੱਜ ਤਾਂ ਖ਼ਜ਼ਾਨਾ ਈ ਮਿਲ ਗਿਆ ਲੱਗਦੈ ਤੈਨੂੰ... ਇਉਂ ਹੀ ਖ਼ੁਸ਼ ਰਿਹਾ ਕਰ, ਸੋਹਣੀ ਲੱਗਦੀ ਐਂ... ਮੈਂ ਤਾਂ ਤੇਰਾ ਹਾਸਾ ਕਈ ਦਿਨਾਂ ਬਾਅਦ ਵੇਖਿਐ... ਚੱਲ ਹੁਣ ਦੱਸ ਤਾਂ ਦਿਓ ਖ਼ੁਸ਼ੀ ਦਾ ਰਾਜ਼?’’
‘‘ਸੱਚੀਂ ਅੱਜ ਤਾਂ ਖ਼ਜ਼ਾਨਾ ਮਿਲਣ ਵਾਲੀ ਗੱਲ ਈ ਹੋਗੀ। ਅੱਜ ਮੈਨੂੰ ਬੱਚਿਆਂ ਦਾ ਸਾਥ ਮਿਲ ਗਿਆ।
ਇਸ ਲਈ ਸਾਰੇ ਦਿਨ ਦੀ ਥਕਾਵਟ ਦੂਰ ਹੋ ਗਈ। ਅੱਜ ਇਨ੍ਹਾਂ ਦੇ ਓਹ ਪਾਪੜ ਜਿਹੇ ਚਿੜ-ਚਿੜ
ਕਰਨੋਂ ਹਟ ਗਏ... ਕਈ ਦਿਨ ਹੋਰ ਨ੍ਹੀ ਚਲਦੇ...
ਕਹਿੰਦੇ ਨੈੱਟ ਬੰਦ ਹੋ ਗਿਆ।’’ ‘‘ਧਰਮ ਨਾਲ
ਸ਼ਿੰਦਰੇ? ਮੈਨੂੰ ਤਾਂ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਕਵਿੇਂ ਅਸੀਂ ਸਾਰੇ ਇਕੱਠੇ ਹੋ ਕੇ ਬੇਬੇ-ਬਾਪੂ ਹੋਰਾਂ
ਕੋਲੋਂ ਬਾਤਾਂ-ਕਹਾਣੀਆਂ ਸੁਣਦੇ ਤੇ ਆਪਸ ’ਚ
ਖੇਡਦੇ ਬੜਾ ਜੀਅ ਲੱਗਦਾ ਸੀ। ਜਦੋਂ ਦੇ ਚੰਦਰੇ ਇਹ ਮੋਬਾਈਲ ਚੱਲ ਪਏ ਬੱਚੇ ਇਨ੍ਹਾਂ ਨਾਲ ਹੀ ਚਿੰਬੜੇ ਰਹਿੰਦੇ ਹਨ ਚਿਚੜੀਆਂ ਵਾਂਗੂ...।’’
ਸੰਪਰਕ: 94177-38737
* * *
ਕੁਲਦੀਪਕ
ਨਰਿੰਦਰ ਕੌਰ ਛਾਬੜਾ
ਪਤੀ ਪਤਨੀ ਛੁੱਟੀਆਂ ਵਿੱਚ ਪਹਾੜੀ ਥਾਂ ’ਤੇ ਘੁੰਮਣ ਗਏ ਹੋਏ ਸਨ। ਸ਼ਾਮ ਵੇਲੇ ਝੀਲ ਕਿਨਾਰੇ ਟਹਿਲ ਰਹੇ ਸਨ ਕਿ ਇੱਕ ਬੁੱਢੀ ਔਰਤ ਹੱਥ ਵਿੱਚ ਕੰਘੇ ਲੈ ਕੇ ਆਈ ਅਤੇ ਮਿੰਨਤ ਕਰਦਿਆਂ ਬੋਲੀ, ‘‘ਮੈਡਮ ਜੀ, ਇਹ ਕੰਘਾ ਸਿਰਫ਼ ਵੀਹ ਰੁਪਏ ਦਾ ਹੈ, ਪਰ ਬੜਾ ਟਿਕਾਊ ਹੈ, ਇੱਕ ਲੈ ਲਓ ਨਾ...।’’
ਪਤਨੀ ਨੇ ਕੋਈ ਦਿਲਚਸਪੀ ਨਹੀਂ ਵਿਖਾਈ ਅਤੇ ਮੂੰਹ ਦੂਜੇ ਪਾਸੇ ਕਰ ਲਿਆ। ਉਹ ਔਰਤ ਫਿਰ ਤਰਲੇ ਨਾਲ ਬੋਲੀ, ‘‘ਲੈ ਲਓ ਨਾ, ਅੱਜ ਸਵੇਰ ਦਾ ਇੱਕ ਵੀ ਕੰਘਾ ਨਹੀਂ ਵਿਕਿਆ...।’’
ਪਤਨੀ ਕੁਝ ਚਿੜ ਕੇ ਬੋਲੀ, ‘‘ਤਾਂ ਮੈਂ ਕੀ ਕਰਾਂ? ਮੈਨੂੰ ਨਹੀਂ ਚਾਹੀਦਾ। ਮੇਰੇ ਕੋਲ ਬਹੁਤ ਕੰਘੇ ਪਏ ਹਨ...।’’
ਬੁੱਢੀ ਰੋਣਹਾਕੀ ਹੋ ਗਈ, ‘‘ਮੈਡਮ ਜੀ, ਰੋਜ਼ ਦੇ ਪੰਜਾਹ ਰੁਪਏ ਨੂੰਹ ਪੁੱਤ ਨੂੰ ਦਿੰਦੀ ਹਾਂ ਤਾਂ ਕਿਤੇ ਜਾ ਕੇ ਇੱਕ ਵੇਲੇ ਦੀ ਰੋਟੀ ਮਿਲਦੀ ਹੈ। ਅੱਜ ਇੱਕ ਵੀ ਕੰਘਾ ਨਹੀਂ ਵਿਕਿਆ। ਲੱਗਦਾ ਹੈ, ਅੱਜ ਭੁੱਖਿਆਂ ਹੀ ਸੌਣਾ ਪਵੇਗਾ...।’’ ਕਹਿੰਦਿਆਂ ਉਹਦੀਆਂ ਅੱਖਾਂ ਭਰ ਆਈਆਂ।
ਪਤਨੀ ਦਾ ਦਿਲ ਭਰ ਆਇਆ। ਕੁਝ ਗੁੱਸੇ ਵਿੱਚ ਬੋਲੀ, ‘‘ਤੇਰੇ ਨੂੰਹ ਪੁੱਤ ਬੜੇ ਜ਼ਾਲਮ ਹਨ। ਇਸ ਉਮਰ ਵਿੱਚ ਤੈਨੂੰ ਧੱਕੇ ਖਾਣ ਲਈ ਛੱਡ ਦਿੱਤਾ, ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ?’’
ਬੁੱਢੀ ਵਿੱਚੋਂ ਹੀ ਗੱਲ ਕੱਟਦੀ ਹੋਈ ਬੋਲੀ, ‘‘ਮੈਡਮ, ਕੰਘਾ ਨਹੀਂ ਲੈਣਾ ਤਾਂ ਨਾ ਲਓ। ਪਰ ਮੇਰੇ ਪੁੱਤ ਨੂੰ ਬੁਰਾ ਭਲਾ ਨਾ ਕਹੋ। ਇੱਕ ਹੀ ਤਾਂ ਪੁੱਤ ਹੈ ਮੇਰਾ। ਮੇਰੇ ਬੁਢਾਪੇ ਦਾ ਸਹਾਰਾ ਅਤੇ ਮੇਰੀ ਚਿਤਾ ਨੂੰ ਅੱਗ ਵੀ ਤਾਂ ਉਹੀ ਲਾਵੇਗਾ...।’’ ਪੁੱਤ ਦੀ ਮਾਂ ਹੋਣ ਦੇ ਭਾਵ ਉਹਦੇ ਚਿਹਰੇ ’ਤੇ ਸਪਸ਼ਟ ਦਿਸ ਰਹੇ ਸਨ।
ਈ-ਮੇਲ: narender.chhabda@gmail.com
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ