ਅਧਿਆਪਕ ਜਥੇਬੰਦੀਆਂ ਵੱਲੋਂ ਸਕੂਲ ਇੰਚਾਰਜ ਦੀ ਮੁਅੱਤਲੀ ਦਾ ਵਿਰੋਧ
ਗੁਰਬਖਸ਼ਪੁਰੀ
ਤਰਨ ਤਾਰਨ, 18 ਮਈ
ਵੱਖ ਵੱਖ ਅਧਿਆਪਕ ਅਤੇ ਮੁਲਾਜਮ ਜਥੇਬੰਦੀਆਂ ਦੇ ਅਧਾਰਿਤ ਸਾਂਝੀ ਐਕਸ਼ਨ ਕਮੇਟੀ ਦੇ ਵਫ਼ਦ ਨੂੰ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਗੋਇੰਦਵਾਲ ਸਾਹਿਬ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਦੀ ਵਿਭਾਗ ਵਲੋਂ ਕੁਝ ਦਿਨ ਪਹਿਲਾਂ ਕੀਤੀ ਮੁਅੱਤਲੀ ਦੋ ਦਿਨ ਦੇ ਅੰਦਰ ਅੰਦਰ ਰੱਦ ਕਰਵਾਏ ਜਾਣ ਦਾ ਭਰੋਸਾ ਦਿੱਤਾ| ਵਿਧਾਇਕ ਦੇ ਭਰੋਸੇ ਦੇ ਮੱਦੇਨਜਰ ਸਾਂਝੀ ਐਕਸ਼ਨ ਕਮੇਟੀ ਨੇ ਅੱਜ ਇਥੋਂ ਦੇ ਗਾਂਧੀ ਮਿਉਸਪਲ ਪਾਰਕ ਵਿੱਚ ਇਕ ਮੀਟਿੰਗ ਕਰਕੇ ਬੀਤੇ ਗੁਰਪ੍ਰਤਾਪ ਸਿੰਘ ਦੀ ਕੀਤੀ ਮੁਅੱਤਲੀ ਅੱਜ ਤੱਕ ਵੀ ਰੱਦ ਨਾ ਕਰਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ| ਮੀਟਿੰਗ ਵਿੱਚ ਸ਼ਾਮਲ ਅਧਿਆਪਕ ਅਤੇ ਹੋਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਨੇ ਗੁਰਪ੍ਰਤਾਪ ਸਿੰਘ ਦੀ ਮੁਅੱਤਲੀ ਨੂੰ ਨਿਯਮਾਂ ਦੇ ਉਲਟ ਕਰਾਰ ਦਿੰਦਿਆਂ ਕਿਹਾ ਕਿ ਮੁਅੱਤਲੀ ਦੇ ਇਹ ਹੁਕਮ ਬਿਨਾਂ ਜ਼ਮੀਨੀ ਹਕੀਕਤ ਨੂੰ ਜਾਣਿਆਂ ਅਤੇ ਵਿਭਾਗ ਵਲੋਂ ਮੁਲਾਜ਼ਮ ਦਾ ਪੱਖ ਸੁਣੇ ਬਿਨਾਂ ਇੱਕਤਰਫਾ ਕੀਤੇ ਗਏ| ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਬਲਦੇਵ ਸਿੰਘ ਬਸਰਾ, ਮਨਜਿੰਦਰ ਸਿੰਘ ਢਿੱਲੋਂ, ਕਾਰਜ ਸਿੰਘ ਕੈਰੋ, ਪ੍ਰਭਜੋਤ ਸਿੰਘ ਗੋਹਲਵੜ, ਗੁਰਮੀਤ ਸਿੰਘ ਭੁੱਲਰ, ਕੰਵਰਦੀਪ ਸਿੰਘ ਢਿੱਲੋਂ, ਮਨਜੀਤ ਸਿੰਘ ਪਾਰਸ, ਮਨਜਿੰਦਰ ਸਿੰਘ ਲਾਲਪੁਰਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁੱਦੇ ’ਤੇ ਐਕਸ਼ਨ ਕਮੇਟੀ ਦਾ ਵਫਦ ਪਹਿਲਾਂ ਵੀ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਮਿਲਿਆ ਸੀ ਪਰ ਭਰੋਸੇ ਦੇ ਬਾਵਜੂਦ ਮੁਅੱਤਲੀ ਦੇ ਹੁਕਮ ਰੱਦ ਨਹੀਂ ਕੀਤੇ ਗਏ ਜਿਸ ਕਾਰਨ ਅਧਿਆਪਕਾਂ ਅੰਦਰ ਰੋਸ ਹੈ।