ਅਣਦੇਖੀ ਦਾ ਸ਼ਿਕਾਰ ਕਮਿਊਨਿਟੀ ਸੈਂਟਰ ਬਣਿਆ ਨਸ਼ੇੜੀਆਂ ਦਾ ਅੱਡਾ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਜੂਨ
ਵਿਧਾਨ ਸਭਾ ਹਲਕਾ ਜਗਰਾਉਂ ਦੇ ਪਿੰਡ ਬੱਸੂਵਾਲ ’ਚ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸਾਂਝੇ ਉੱਦਮ ਨਾਲ ਬਣਾਏ ਕਮਿਊਨਿਟੀ ਹਾਲ ’ਤੇ ਨਸ਼ੇੜੀਆਂ ਨੇ ਕਬਜ਼ਾ ਕਰ ਲਿਆ ਹੈ। ਦੁਪਹਿਰ ਅਤੇ ਦੇਰ ਸ਼ਾਮ ਨੂੰ ਪਿੰਡ ਦੀਆਂ ਸੁਆਣੀਆਂ ਅਤੇ ਆਮ ਲੋਕਾਂ ਦਾ ਉਸਦੇ ਅੱਗੋਂ ਦੀ ਲੰਘਣਾ ਮੁਸ਼ਕਲ ਹੋ ਗਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਪੁਲੀਸ ਨੂੰ ਕਮਿਊਨਿਟੀ ਸੈਂਟਰ ਨੂੰ ਨਸ਼ੇੜੀਆਂ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ਕਿਸਾਨ ਆਗੂ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਪਿੰਡ ਦੀ ਪੰਚਾਇਤ ਨੇ ਪੰਚਾਇਤੀ ਜ਼ਮੀਨ ਦੇ ਠੇਕੇ ’ਚੋਂ ਇਕੱਤਰ ਹੋਏ ਕਰੀਬ 38 ਲੱਖ ਰੁਪਏ ਖਰਚ ਕੇ ਪਿੰਡ ਵਾਸੀਆਂ ਦੀ ਸਹੂਲਤ ਲਈ ਤਿੰਨ ਕਨਾਲ ਰਕਬੇ ਵਿੱਚ ਕਮਿਊਨਿਟੀ ਸੈਂਟਰ ਹਾਲ ਬਣਾਇਆ ਗਿਆ ਸੀ। ਸਰਕਾਰਾਂ ਵੱਲੋਂ ਸਹਾਇਤਾ ਨਾ ਮਿਲਣ ਕਾਰਨ ਪਿਛਲੇ ਪੰਜ ਕੁ ਵਰ੍ਹਿਆਂ ਤੋਂ ਇਸ ਹਾਲ ਵਿੱਚ ਬੁਨਿਆਦੀ ਸਹੂਲਤਾਂ ਫਰਨੀਚਰ, ਪਖਾਨੇ, ਖਿੜਕੀਆਂ, ਦਰਵਾਜ਼ੇ ਆਦਿ ਨਹੀਂ ਲੱਗ ਸਕੇ। ਇਸ ਅਧੂਰੀ ਪਈ ਇਮਾਰਤ ਨੂੰ ਮੌਜੂਦਾ ਸਮੇਂ ਵਿੱਚ ਨਸ਼ੇੜੀਆਂ ਨੇ ਆਪਣਾ ਅੱਡਾ ਬਣਾ ਲਿਆ ਹੈ। ਪਿੰਡ ਵਾਸੀ ਸੰਦੀਪ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਫੌਜੀ ਦਰਸ਼ਨ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ, ਮੱਖਣ ਸਿੰਘ ਆਦਿ ਨੇ ਕਿਹਾ ਕਿ ਪੁਲੀਸ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੀ ਇਸ ਕਮਿਊਨਿਟੀ ਹਾਲ ਤੱਕ ਪਹੁੰਚ ਨਹੀਂ ਸਕੀ, ਨਸ਼ੇੜੀ ਤੇ ਨਸ਼ਾ ਤਸਕਰ ਇਸ ਹਾਲ ’ਤੇ ਆਪਣਾ ਹੱਕ ਜਿਤਾਉਣ ਲੱਗੇ ਹਨ। ਉਨ੍ਹਾਂ ਪੁਲੀਸ, ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਬਿਨਾਂ ਦੇਰੀ ਸਖ਼ਤ ਕਾਰਵਾਈ ਕਰਕੇ ਨਸ਼ੇੜੀਆਂ ਤੋਂ ਕਮਿਊਨਿਟੀ ਸੈਂਟਰ ਦੀ ਇਮਾਰਤ ਖਾਲੀ ਕਰਵਾਈ ਜਾਵੇ ਅਤੇ ਸਪੈਸ਼ਲ ਗ੍ਰਾਂਟ ਜਾਰੀ ਕਰਕੇ ਇਸ ਹਾਲ ਨੂੰ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਜਾਵੇ। ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਗਰਾਂਟ ਜਾਰੀ ਕਰੇ ਤਾਂ ਜੋ ਕਮਿਊਨਿਟੀ ਸੈਂਟਰ ਰਹਿੰਦੇ ਕੰਮ ਕਰਕੇ ਲੋਕਾਂ ਦੇ ਸਪੁਰਦ ਕੀਤਾ ਜਾ ਸਕੇ।