ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਡਾਨੀ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਸੰਸਦ ਠੱਪ

12:32 PM Feb 07, 2023 IST

ਨਵੀਂ ਦਿੱਲੀ, 6 ਫਰਵਰੀ

Advertisement

ਮੁੱਖ ਅੰਸ਼

  • ਰਾਜ ਸਭਾ ਚੇਅਰਮੈਨ ਨੇ ਚਰਚਾ ਕਰਾਉਣ ਲਈ ਦਿੱਤੇ 10 ਨੋਟਿਸ ਨਾਮਨਜ਼ੂਰ ਕੀਤੇ

ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਅੱਜ ਵੀ ਸੰਸਦ ਦੇ ਦੋਵੇਂ ਸਦਨਾਂ ‘ਚ ਜ਼ੋਰਦਾਰ ਹੰਗਾਮਾ ਕੀਤਾ ਗਿਆ। ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਅਡਾਨੀ ਗਰੁੱਪ ਦੇ ਮੁੱਦੇ ‘ਤੇ ਚਰਚਾ ਕਰਾਉਣ ਦੀ ਮੰਗ ਕੀਤੀ ਜਿਸ ਨੂੰ ਲੋਕ ਸਭਾ ‘ਚ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ‘ਚ ਚੇਅਰਮੈਨ ਜਗਦੀਪ ਧਨਖੜ ਨੇ ਨਕਾਰ ਦਿੱਤਾ। ਲੋਕ ਸਭਾ ‘ਚ ਸਪੀਕਰ ਨੇ ਵਿਰੋਧੀ ਧਿਰ ਦੇ ਸਾਰੇ ਕੰਮ ਰੋਕੂ ਮਤੇ ਰੱਦ ਕਰ ਦਿੱਤੇ ਅਤੇ ਰਾਜ ਸਭਾ ‘ਚ ਦਿੱਤੇ ਗਏ 10 ਨੋਟਿਸਾਂ ਨੂੰ ਜਗਦੀਪ ਧਨਖੜ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਸੀ ਕਿ ਸਦਨ ਦੇ ਕੰਮਕਾਰ ਨੂੰ ਰੋਕ ਕੇ ਅਡਾਨੀ ਦੇ ਮੁੱਦੇ ‘ਤੇ ਚਰਚਾ ਕਰਵਾਈ ਜਾਵੇ। ਜਦੋਂ ਦੋ ਵਾਰ ਸਦਨ ਦੀ ਕਾਰਵਾਈ ਠੱਪ ਰਹੀ ਤਾਂ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।

Advertisement

ਅਡਾਨੀ ਗਰੁੱਪ ਖਿ਼ਲਾਫ਼ ਜਾਂਚ ਦੀ ਮੰਗ ਕਰਦੇ ਹੋਏ ਵਿਰੋਧੀ ਧਿਰਾਂ ਦੇ ਮੈਂਬਰ। -ਫੋਟੋ: ਪੀਟੀਆਈ

ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ ਜਿਵੇਂ ਹੀ ਸ਼ੁਰੂ ਹੋਈ ਤਾਂ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸਪੀਕਰ ਦੇ ਆਸਨ ਅੱਗੇ ਆ ਕੇ ‘ਅਡਾਨੀ ਸਰਕਾਰ ਸ਼ਰਮ ਕਰੋ, ਸ਼ਰਮ ਕਰੋ’ ਆਦਿ ਦੇ ਨਾਅਰੇ ਲਗਾਏ। ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਆਪਣੀ ਸੀਟਾਂ ‘ਤੇ ਜਾ ਕੇ ਚਰਚਾ ‘ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,”ਇਹ ਠੀਕ ਨਹੀਂ ਹੈ। ਨਾਅਰੇਬਾਜ਼ੀ ਸਦਨ ਦੀ ਮਰਿਆਦਾ ਖ਼ਿਲਾਫ਼ ਹੈ। ਲੋਕਾਂ ਨੇ ਸੰਸਦ ‘ਚ ਆਪਣੇ ਮੁੱਦੇ ਉਠਾਉਣ ਲਈ ਤੁਹਾਨੂੰ ਚੁਣਿਆ ਹੈ ਪਰ ਤੁਸੀਂ ਚਰਚਾ ‘ਚ ਹਿੱਸਾ ਨਹੀਂ ਲੈਣਾ ਚਾਹੁੰਦੇ ਹੋ। ਵਿਰੋਧੀ ਮੈਂਬਰ ਮੇਰੇ ਚੈਂਬਰ ‘ਚ ਆ ਕੇ ਆਪਣੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰਨ।” ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਿਰੋਧੀ ਧਿਰ ਨੂੰ ਸਦਨ ‘ਚ ਮੁੱਦੇ ਉਠਾਉਣ ਲਈ ਢੁੱਕਵਾਂ ਸਮਾਂ ਦੇਣਗੇ। ਵਿਰੋਧੀ ਧਿਰ ਨੇ ਉਨ੍ਹਾਂ ਦੀਆਂ ਅਪੀਲਾਂ ਵੱਲ ਧਿਆਨ ਨਾ ਦੇ ਕੇ ਆਪਣੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਰੱਖੀ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਜਦੋਂ 2 ਵਜੇ ਮੁੜ ਜੁੜਿਆ ਤਾਂ ਵਿਰੋਧੀ ਪਾਰਟੀਆਂ ਨੇ ਪ੍ਰਦਰਸ਼ਨ ਜਾਰੀ ਰੱਖੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਬੇਨਤੀ ਕਰਦਿਆਂ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਚਰਚਾ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਟੈਂਡ ਨੂੰ ਵਿੱਤ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਅਤੇ ਵਿਰੋਧੀ ਧਿਰਾਂ ਪ੍ਰਦਰਸ਼ਨ ਨਾ ਕਰਨ। ਹੰਗਾਮੇ ਦੌਰਾਨ ਹੀ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਉਧਰ ਰਾਜ ਸਭਾ ‘ਚ ਵੀ ਅੱਜ ਕੋਈ ਕੰਮ ਨਾ ਹੋ ਸਕਿਆ। -ਪੀਟੀਆਈ

ਗਿਰਵੀ ਸ਼ੇਅਰ ਛੁਡਾਉਣ ਲਈ ਅਗਾਊਂ ਭੁਗਤਾਨ ਕਰੇਗਾ ਅਡਾਨੀ ਗਰੁੱਪ

ਨਵੀਂ ਦਿੱਲੀ: ਅਡਾਨੀ ਗਰੁੱਪ ਨੇ ਅੱਜ ਕਿਹਾ ਕਿ ਉਹ ਕਰਜ਼ਦਾਤਾਵਾਂ ਕੋਲ ਗਿਰਵੀ ਰੱਖੇ ਸ਼ੇਅਰਾਂ ਦੀ ਮੈਚੁਅਰਿਟੀ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਛੁਡਾਉਣ ਲਈ 111.4 ਕਰੋੜ ਡਾਲਰ ਦਾ ਭੁਗਤਾਨ ਕਰੇਗਾ। ਹਾਲਾਂਕਿ ਇਨ੍ਹਾਂ ਦੀ ਮਿਆਦ ਅਗਲੇ ਸਾਲ ਸਤੰਬਰ ਵਿਚ ਪੂਰੀ ਹੋਣੀ ਹੈ। ਗਰੁੱਪ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਗਿਰਵੀ ਰੱਖੇ ਇਹ ਸ਼ੇਅਰ ਅਡਾਨੀ ਪੋਰਟਸ ਤੇ ਵਿਸ਼ੇਸ਼ ਆਰਥਿਕ ਜ਼ੋਨ, ਅਡਾਨੀ ਗਰੀਨ ਐਨਰਜੀ ਤੇ ਟਰਾਂਸਮਿਸ਼ਨ ਨਾਲ ਸਬੰਧਤ ਹਨ। ਬਿਆਨ ਮੁਤਾਬਕ, ‘ਇਹ ਕਦਮ ਸ਼ੇਅਰਾਂ ਨੂੰ ਗਿਰਵੀ ਰੱਖ ਕੇ ਫੰਡਿੰਗ ਦਾ ਪ੍ਰਬੰਧ ਕਰਨ ਵਾਲੇ ਸਾਰੇ ਮਾਮਲਿਆਂ ‘ਚ ਸਮੇਂ ਤੋਂ ਪਹਿਲਾਂ ਭੁਗਤਾਨ ਦੇ ਪ੍ਰਮੋਟਰਾਂ ਵੱਲੋਂ ਦਿੱਤੇ ਗਏ ਭਰੋਸੇ ਮੁਤਾਬਕ ਚੁੱਕਿਆ ਜਾ ਰਿਹਾ ਹੈ।’ ਬਿਆਨ ਅਨੁਸਾਰ, ‘ਹਾਲ ਹੀ ਵਿਚ ਬਾਜ਼ਾਰ ਵਿਚ ਆਏ ਉਤਰਾਅ-ਚੜ੍ਹਾਅ ਤੇ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਬਦਲੇ ਲਏ ਗਏ ਕਰਜ਼ੇ ਨੂੰ ਘੱਟ ਕਰਨ ਦੀ ਪ੍ਰਮੋਟਰਾਂ ਦੀ ਵਚਨਬੱਧਤਾ ਦੇ ਸੰਦਰਭ ਵਿਚ ਇਹ ਸੂਚਨਾ ਜਾਰੀ ਕੀਤੀ ਗਈ ਹੈ।’ ਇਸ ਭੁਗਤਾਨ ਨਾਲ ਅਡਾਨੀ ਪੋਰਟਸ ਦੇ 16.827 ਕਰੋੜ ਸ਼ੇਅਰ ਵਾਪਸ ਆਉਣਗੇ ਜੋ ਪ੍ਰਮੋਟਰਾਂ ਦੀ 12 ਪ੍ਰਤੀਸ਼ਤ ਹਿੱਸੇਦਾਰੀ ਦੇ ਬਰਾਬਰ ਹੈ। ਅਡਾਨੀ ਗਰੀਨ ਮਾਮਲੇ ਵਿਚ 2.756 ਕਰੋੜ ਸ਼ੇਅਰ ਜਾਂ ਪ੍ਰਮੋਟਰਾਂ ਦੀ ਤਿੰਨ ਪ੍ਰਤੀਸ਼ਤ ਹਿੱਸੇਦਾਰੀ ਜਾਰੀ ਹੋਵੇਗੀ। ਅਡਾਨੀ ਟਰਾਂਸਮਿਸ਼ਨ ਦੇ 1.177 ਕਰੋੜ ਸ਼ੇਅਰ ਜਾਰੀ ਹੋਣਗੇ। ਇਹ 1.4 ਪ੍ਰਤੀਸ਼ਤ ਹਿੱਸੇਦਾਰੀ ਦੇ ਬਰਾਬਰ ਹੈ। -ਪੀਟੀਆਈ

ਕਾਂਗਰਸ ਵੱਲੋਂ ਦੇਸ਼ ‘ਚ ਕਈ ਥਾਈਂ ਰੋਸ ਪ੍ਰਦਰਸ਼ਨ

ਨਵੀਂ ਦਿੱਲੀ/ਜੰਮੂ/ਜੈਪੁਰ/ਭੁਪਾਲ: ਅਡਾਨੀ ਗਰੁੱਪ ਦੇ ਮੁੱਦੇ ‘ਤੇ ਕਾਂਗਰਸ ਨੇ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੋਸ ਮੁਜ਼ਾਹਰੇ ਕੀਤੇ। ਭਾਰਤੀ ਯੂਥ ਕਾਂਗਰਸ ਨੇ ਦਿੱਲੀ ਦੇ ਜੰਤਰ-ਮੰਤਰ ਵਿਚ ਰੋਸ ਮੁਜ਼ਾਹਰਾ ਕੀਤਾ ਤੇ ਧੋਖਾਧੜੀ ਦੇ ਦੋਸ਼ਾਂ ਦੀ ਜਾਂਚ ਸਾਂਝੀ ਸੰਸਦ ਕਮੇਟੀ ਤੋਂ ਕਰਾਉਣ ਦੀ ਮੰਗ ਕੀਤੀ। ਇਸ ਮੌਕੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਤੇ ਹੋਰ ਹਾਜ਼ਰ ਸਨ। ਜੰਮੂ ਕਸ਼ਮੀਰ ਕਾਂਗਰਸ ਨੇ ਵੀ ਅੱਜ ਰੋਸ ਮੁਜ਼ਾਹਰਾ ਕੀਤਾ ਤੇ ਜੇਪੀਸੀ ਜਾਂਚ ਮੰਗੀ। ਮੱਧ ਪ੍ਰਦੇਸ਼ ਕਾਂਗਰਸ ਨੇ ਵੀ ਪੂਰੇ ਸੂਬੇ ਵਿਚ ਰੋਸ ਜਤਾਇਆ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦਾ ਅਸਤੀਫ਼ਾ ਮੰਗਿਆ। ਰਾਜਸਥਾਨ ਕਾਂਗਰਸ ਨੇ ਅੱਜ ਸੂਬੇ ਵਿਚ ਐਲਆਈਸੀ ਤੇ ਐੱਸਬੀਆਈ ਦੇ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ। ਜ਼ਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਸਰਕਾਰੀ ਸੰਸਥਾਵਾਂ ਨੇ ਪੈਸੇ ਅਡਾਨੀ ਗਰੁੱਪ ਵਿਚ ਨਿਵੇਸ਼ ਕੀਤੇ ਹੋਏ ਹਨ। ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਤੇ ਪ੍ਰਤਾਪ ਸਿੰਘ ਖਚਰੀਆਵਾਸ ਨੇ ਕਿਹਾ ਕਿ ਇਹ ਲੋਕਾਂ ਦੇ ਮਿਹਨਤ ਦੇ ਪੈਸੇ ਹਨ ਜਿਨ੍ਹਾਂ ਨੂੰ ਜੋਖ਼ਮ ਵਿਚ ਪਾ ਦਿੱਤਾ ਗਿਆ ਹੈ। -ਪੀਟੀਆਈ

ਸਰਕਾਰ ਵੱਲੋਂ ਸੰਸਦ ਚਲਾਉਣ ਲਈ ਵਿਰੋਧੀ ਧਿਰ ਤੱਕ ਪਹੁੰਚ

ਨਵੀਂ ਦਿੱਲੀ: ਅਡਾਨੀ ਗਰੁੱਪ ਦੇ ਮੁੱਦੇ ‘ਤੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਅੜਿੱਕੇ ਮਗਰੋਂ ਸੰਸਦ ‘ਚ ਮੰਗਲਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਚਰਚਾ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸੰਸਦ ‘ਚ ਪੈ ਰਹੇ ਅੜਿੱਕੇ ਨੂੰ ਦੂਰ ਕਰਨ ਲਈ ਸਰਕਾਰ ਨੇ ਵਿਰੋਧੀ ਧਿਰ ਤੱਕ ਪਹੁੰਚ ਕੀਤੀ ਹੈ। ਦੋਵੇਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਉਠਾਉਣ ਮਗਰੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਸੰਸਦੀ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਕਾਂਗਰਸ ਦੇ ਅਧੀਰ ਰੰਜਨ ਚੌਧਰੀ, ਟੀਐੱਮਸੀ ਦੇ ਸੁਦੀਪ ਬੰਦੋਪਾਧਿਆਏ ਅਤੇ ਡੀਐੱਮਕੇ ਦੇ ਟੀ ਆਰ ਬਾਲੂ ਵੀ ਹਾਜ਼ਰ ਸਨ। ਮੀਟਿੰਗਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂ ਇਸ ਗੱਲ ਤੋਂ ਸਹਿਮਤ ਸਨ ਕਿ ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ਉਪਰ ਚਰਚਾ ਹੋਣੀ ਚਾਹੀਦੀ ਹੈ। ਵਿਰੋਧੀ ਧਿਰਾਂ ਦੇ ਸੂਤਰਾਂ ਨੇ ਕਿਹਾ ਕਿ ਸੰਸਦ ਦੇ ਮੰਗਲਵਾਰ ਤੋਂ ਸੁਚਾਰੂ ਢੰਗ ਨਾਲ ਚੱਲਣ ਦੀ ਸੰਭਾਵਨਾ ਹੈ। ਵਿਰੋਧੀ ਧਿਰਾਂ ਦੇ ਕਈ ਆਗੂਆਂ ਦਾ ਵਿਚਾਰ ਸੀ ਕਿ ਧੰਨਵਾਦ ਮਤੇ ‘ਤੇ ਚਰਚਾ ਦੌਰਾਨ ਅਡਾਨੀ ਦਾ ਮੁੱਦਾ ਉਠਾਉਣਾ ਬਿਹਤਰ ਹੋਵੇਗਾ। ਉਂਜ ਸੂਤਰਾਂ ਨੇ ਕਿਹਾ ਕਿ ਕੁਝ ਆਗੂ ਸੰਸਦ ‘ਚ ਅੜਿੱਕਾ ਜਾਰੀ ਰੱਖਣਾ ਚਾਹੁੰਦੇ ਹਨ। ਸਰਕਾਰ ਨੇ ਵੀ ਮਤੇ ‘ਤੇ ਚਰਚਾ ਦੌਰਾਨ ਅਡਾਨੀ ਮੁੱਦੇ ‘ਤੇ ਜਵਾਬ ਦੇਣ ਲਈ ਕਮਰ ਕੱਸ ਲਈ ਹੈ। ਹਾਲਾਂਕਿ ਭਾਜਪਾ ਮੈਂਬਰਾਂ ਦਾ ਮੰਨਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਮਾਮਲਿਆਂ ਬਾਰੇ ਸੰਸਦ ‘ਚ ਚਰਚਾ ਨਹੀਂ ਕੀਤੀ ਜਾ ਸਕਦੀ ਹੈ ਪਰ ਵਿਰੋਧੀ ਧਿਰਾਂ ਰਾਸ਼ਟਰਪਤੀ ਦੇ ਭਾਸ਼ਨ ‘ਤੇ ਬਹਿਸ ਦੌਰਾਨ ਇਸ ਮੁੱਦੇ ਨੂੰ ਛੋਹ ਸਕਦੀਆਂ ਹਨ। -ਪੀਟੀਆਈ

Advertisement