ਅਜੋਕੀ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜਨ ਦੀ ਲੋੜ: ਧਾਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਮਈ
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਦੌਰਾਨ ਹਜ਼ਾਰਾਂ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ ਅਤੇ ਪਵਿੱਤਰ ਸਰੋਵਰ ’ਚ ਆਸਥਾ ਦੀ ਚੁੱਭੀ ਵੀ ਲਾਈ ਅਤੇ ਨਾਲ ਹੀ ਪੰਗਤ ਸੰਗਤ ਕਰਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਇਸ ਵੇਲੇ ਬਹੁਤੇ ਕਿਸਾਨ ਫਸਲ ਅਤੇ ਤੂੜੀ ਤੰਦ ਸੰਭਾਲ਼ ਕੇ ਵਿਹਲੇ ਹੋ ਚੁੱੱਕੇ ਹਨ ਤੇ ਫੇਰ ਲੰਘੀ ਰਾਤ ਪਏ ਮੀਂਹ ਨਾਲ਼ ਮੌਸਮ ’ਚ ਅੱਜ ਰਹੀ ਠੰਡਕ ਨੇ ਵੀ ਰੌਣਕਾਂ ਵਧਾਈਆਂ।
ਗੁਰਦੁਆਰੇ ਦੇ ਮੈਨੇਜਰ ਭਾਗ ਸਿੰਘ ਚੌਹਾਨ ਦੀ ਦੇਖਰੇਖ ਹੇਠਾਂ ਹੋਏ ਇਨ੍ਹਾਂ ਸਮਾਗਮਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ, ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਰਾਜਿੰਦਰ ਸਿੰਘ ਮਹਿਤਾ, ਭਗਵੰਤ ਸਿੰਘ ਸਿਆਲਕਾ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਅਕਾਲੀ ਆਗੂ ਜੋਗਿੰਦਰ ਸਿੰਘ ਪੰਛੀ ਆਦਿ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਤੋਂ ਪਹਿਲਾਂ ਤੜਕ ਸਵੇਰੇ ਕਿਵਾੜ ਖੁੱਲ੍ਹਣ ਮਗਰੋਂ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਇਸ ਮੌਕੇ ਸ੍ਰੀ ਧਾਮੀ ਨੇ ਸੰਗਤਾਂ ਨੂੰ ਦੱਸਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਇਸ ਵਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਰਾਹੀਂ ਅਜੋਕੀ ਪੀੜ੍ਹੀ ਨੂੰ ਗੁਰੂ ਸਾਹਿਬ ਦੀ ਜੀਵਨ ਵਿਚਾਰਧਾਰਾ ਅਤੇ ਉਦੇਸ਼ ਨਾਲ ਜੋੜਨ ਦਾ ਉਪਰਾਲਾ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਜੀਵਨ ਘਾਲਣਾਵਾਂ ਅਤੇ ਬਲੀਦਾਨ ਦੀ ਹੋਰ ਕਿਧਰੇ ਵੀ ਮਿਸਾਲ ਨਹੀਂ ਮਿਲਦੀ ਜਿਨ੍ਹਾਂ ਨੇ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੇ ਕਲਿਆਣ ਲਈ ਆਪਣਾ ਆਪ ਨਿਛਾਵਰ ਕਰ ਦਿੱਤਾ ਅਤੇ ਅੱਜ ਲੋੜ ਹੈ ਕਿ ਗੁਰੂ ਸਾਹਿਬ ਦੀ ਗੁਰਬਾਣੀ ਫ਼ਲਸਫ਼ੇ ਦੇ ਧਾਰਨੀ ਹੋਈਏ।
ਧਾਰਮਿਕ ਦੀਵਾਨਾਂ ਵਿਚ ਹਜ਼ੂਰੀ ਰਾਗੀ ਕੀਰਤਨੀ ਜਥਿਆਂ ਤੋਂ ਇਲਾਵਾ ਢਾਡੀ, ਕਵੀਸ਼ਰੀ ਜਥਿਆਂ ਅਮਰਜੀਤ ਸਿੰਘ ਅੰਬਾਲਾ, ਗੁਰਪਿਆਰ ਸਿੰਘ ਜੌਹਰ, ਸੁਖਜਿੰਦਰ ਸਿੰਘ ਚੰਗਿਆੜਾ, ਹਰਪ੍ਰੀਤ ਸਿੰਘ ਮਸਤਾਨਾ, ਸੁਖਜੀਤ ਸਿੰਘ ਸੱਜਣ, ਬੀਬੀ ਕਿਰਨਜੀਤ ਕੌਰ, ਰੂਪ ਸਿੰਘ ਅਲਬੇਲਾ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।