ਅਜੀਤ ਨਗਰ ਤੇ ਪ੍ਰੀਤ ਨਗਰ ਦੇ ਵਸਨੀਕ ਪਾਣੀ ਨੂੰ ਤਰਸੇ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 20 ਮਈ
ਸ਼ਹਿਰ ਦੇ ਅਜੀਤ ਨਗਰ ਅਤੇ ਪ੍ਰੀਤ ਨਗਰ ਦੇ ਵਸਨੀਕ ਪੀਣ ਵਾਲੇ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਵਧ ਰਹੇ ਤਾਪਮਾਨ ਦੌਰਾਨ ਪੈ ਰਹੀ ਗਰਮੀ ਦੇ ਬਾਵਜੂਦ ਮੁਹੱਲਾ ਨਿਵਾਸੀਆਂ ਨੂੰ ਪਾਣੀ ਦੀ ਬੂੰਦ- ਬੂੰਦ ਲਈ ਤਰਸਣਾ ਪੈ ਰਿਹਾ ਹੈ। ਮੁਹੱਲੇ ਦਾ ਕੌਂਸਲਰ ਅਤੇ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਵਲੋਂ ਪੀਣ ਵਾਲੇ ਪਾਣੀ ਦੇ ਟੈਂਕਰ ਲਿਆ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚਕਾਰ ਰਾਮ ਪ੍ਰਤਾਪ ਵਾਲੀ ਗਲੀ, ਪਿੱਪਲ ਵਾਲੀ ਗਲੀ ਅਤੇ ਮੁਕੱਦਮ ਵਾਲੀ ਗਲੀ ਵਿਚ ਵੀ ਪਾਣੀ ਦੀ ਸਪਲਾਈ ਨੂੰ ਮੁਹੱਲਿਆਂ ਦੇ ਲੋਕ ਭਾਰੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਹ ਗਲੀਆਂ ਸ਼ਹਿਰ ਵਿਚ ਉਚੇ ਸਥਾਨ ’ਤੇ ਸਥਿਤ ਹਨ ਜਿਥੇ ਪਾਣੀ ਵਾਲੇ ਟੈਂਕਰ ਨਾਲ ਪਾਣੀ ਪਹੁੰਚਾਇਆ ਜਾਣਾ ਵੀ ਬੇਹੱਦ ਮੁਸ਼ਕਲ ਹੈ। ਅਜੀਤ ਨਗਰ ਅਤੇ ਪ੍ਰੀਤ ਨਗਰ ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਮਿਲ ਰਹੀ। ਗਰਮੀ ਦੇ ਮੌਸਮ ਵਿਚ ਪਾਣੀ ਤੋਂ ਬਗੈਰ ਬੇਹੱਦ ਸਮੱਸਿਆਵਾਂ ਨਾਲ ਜੂਝ ਰਹੇ ਹਨ। ਕੌਂਸਲਰ ਤੇ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਦਾ ਕਹਿਣਾ ਹੈ ਕਿ ਉਹ ਆਪਣੇ ਪੱਧਰ ’ਤੇ ਪਾਣੀ ਦਾ ਟੈਂਕਰ ਮੰਗਵਾ ਕੇ ਮੁੁਹੱਲੇ ਦੇ ਲੋਕਾਂ ਨੂੰ ਰੋਜ਼ਾਨਾ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਿਊਬਵੈੱਲ ਦੀਆਂ ਮੋਟਰਾਂ ਖਰਾਬ ਪਈਆਂ ਹਨ ਜਦੋਂ ਕਿ ਨਵੇਂ ਟਿਊਬਵੈੱਲ ਦਾ ਕੰਮ ਹਾਲੇ ਬੰਦ ਪਿਆ ਹੈ ਕਿਉਂਕਿ ਹਾਲੇ ਤੱਕ ਟਿਊਬਵੈੱਲ ਲਈ ਮਸ਼ੀਨ ਨਹੀਂ ਪੁੱਜੀ। ਉਨ੍ਹਾਂ ਕਿਹਾ ਕਿ ਜਦੋਂ ਹੀ ਮੁਹੱਲੇ ਵਿਚ ਪਾਣੀ ਵਾਲਾ ਟੈਂਕਰ ਆਉਂਦਾ ਹੈ ਤਾਂ ਲੋਕ ਆਪੋ ਆਪਣੇ ਬਰਤਨ ਲੈ ਕੇ ਟੈਂਕਰ ਦੇ ਦੁਆਲੇ ਹੋ ਜਾਂਦੇ ਹਨ। ਲੋਕਾਂ ਨੇ ਦੱਸਿਆ ਕਿ ਪਾਣੀ ਦੀ ਕਿੱਲਤ ਕਾਰਨ ਲੋਕਾਂ ਦਾ ਜਿਊਣਾ ਦੁਭੱਰ ਹੋਇਆ ਪਿਆ ਹੈ ਅਤੇ ਉਪਰੋਂ ਕਹਿਰ ਦੀ ਗਰਮੀ ਪੈ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਅਵਤਾਰ ਸਿੰਘ ਤਾਰਾ ਹੀ ਪਾਣੀ ਦੇ ਟੈਂਕਰ ਮੰਗਵਾ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾ ਰਿਹਾ ਹੈ। ਸਮਾਜ ਸੇਵੀ ਅਵਤਾਰ ਸਿੰਘ ਤਾਰਾ ਸਮੇਤ ਮੁਹੱਲੇ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰਮੀ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਤੁਰੰਤ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।