ਅਜਾਇਬ ਘਰਾਂ ਦੇ ਤਸਵੀਰਾਂ ਦੇ ਕੰਮ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਮਈ
ਅੰਤਰਰਾਸ਼ਟਰੀ ਅਜਾਇਬ ਘਰ ਦਿਵਸ 2025 ਦੀ ਮਹੱਤਤਾ ਨੂੰ ਦਰਸਾਉਣ ਲਈ ਲੁਧਿਆਣਾ ਦੇ ਤਿੰਨ ਮਹੱਤਵਪੂਰਨ ਅਜਾਇਬ ਘਰ ਨੂੰ ਉਜਾਗਰ ਕਰਨ ਵਾਲੇ ਅਰਥਪੂਰਨ ਤਸਵੀਰੀ ਕੰਮ ਦਾ ਉਦਘਾਟਨ ਅੱਜ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੁੱਖ ਸਕੱਤਰ ਪੰਜਾਬ ਕੇ.ਏ.ਪੀ. ਸਿਨਹਾ, ਪੀਏਯੂ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ, ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ, ਗਡਵਾਸੂ ਦੇ ਉਪ ਕੁਲਪਤੀ ਡਾ. ਜੇ.ਐਸ. ਗਿੱਲ, ਪ੍ਰਮੁੱਖ ਸਕੱਤਰ ਬਾਗਬਾਨੀ ਵਿਕਾਸ ਨੇ ਪੀ.ਏ.ਯੂ, ਲੁਧਿਆਣਾ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਕੀਤਾ। ਪੇਂਡੂ ਪੰਜਾਬ ਦੇ ਸਮਾਜਿਕ ਇਤਿਹਾਸ ਦਾ ਅਜਾਇਬ ਘਰ, ਪੀ.ਏ.ਯੂ ਲੁਧਿਆਣਾ ਵਿੱਚ ਹੈ ਜਦਕਿ ਰਾਏਕੋਟ ਨੇੜੇ ਬੱਸੀਆਂ ਕੋਠੀ 200 ਸਾਲ ਪੁਰਾਣਾ ਆਰਕੀਟੈਕਚਰਲ ਅਜੂਬਾ ਹੈ ਜੋ ਪੰਜਾਬ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀਆਂ ਦੁਰਲੱਭ ਚੀਜ਼ਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ ਲੁਧਿਆਣਾ ਵੀ ਪੁਰਾਤਨ ਜੰਗੀ ਇਤਿਹਾਸ ਨੂੰ ਸੰਭਾਲੀ ਬੈਠਾ ਹੈ। ਇਨ੍ਹਾਂ ਅਜਾਇਬ ਘਰਾਂ ਦੀਆਂ ਫੋਟੋਆਂ ਰਿਲੀਜ਼ ਕਰਨ ਦੀ ਪਹਿਲ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਰਪ੍ਰੀਤ ਸੰਧੂ ਵੱਲੋਂਂ ਕੀਤੀ ਗਈ ਹੈ। ਇਸ ਕਲਾ ਕਾਰਜ ਰਾਹੀਂ ਇਨ੍ਹਾਂ ਅਜਾਇਬ ਘਰਾਂ ਨੂੰ ਦੇਖਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਪੀੜ੍ਹੀ ਵਿੱਚ ਪੰਜਾਬ ਦੇ ਸ਼ਾਨਦਾਰ ਅਤੀਤ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਅੰਤਰਰਾਸ਼ਟਰੀ ਅਜਾਇਬ ਘਰ ਦਿਵਸ ਦਾ ਉਦੇਸ਼ ਅਜਾਇਬ ਘਰਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹਰਪ੍ਰੀਤ ਸੰਧੂ ਵੱਲੋਂ ਕੀਤਾ ਇਹ ਕੰਮ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰੇਗਾ।