ਅਜਮੇਰ ਔਲਖ ਦੇ ਜੱਦੀ ਪਿੰਡ ਕੁੰਭੜਵਾਲ ’ਚ ਸਾਹਿਤਕ ਸਮਾਗਮ
ਬੀਰਬਲ ਰਿਸ਼ੀ
ਸ਼ੇਰਪੁਰ, 18 ਜੂਨ
ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸ਼ੁਰੂ ਕੀਤੀ ‘ਪਿੰਡੋ ਪਿੰਡ ਸਾਹਿਤਕ ਮੁਹਿੰਮ’ ਦੀ ਲੜੀ ਤਹਿਤ ਲੇਖਕ ਸੰਘ ਦੀ ਸੰਗਰੂਰ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਬੀਰ ਇੰਦਰ ਬਨਭੌਰੀ ਅਤੇ ਸਰਪ੍ਰਸਤ ਸੁਖਵਿੰਦਰ ਪੱਪੀ ਦੀ ਅਗਵਾਈ ਹੇਠ ਮਰਹੂਮ ਨਾਟਕਕਾਰ ਅਜਮੇਰ ਸਿੰਘ ਔਲਖ ਦੀ ਅੱਠਵੀਂ ਬਰਸੀ ਨੂੰ ਸਮਰਪਿਤ ਉਨ੍ਹਾਂ ਦੇ ਜੱਦੀ ਪਿੰਡ ਕੁੰਭੜਵਾਲ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਾਟਕਕਾਰ ਔਲਖ ਦੀ ਪਤਨੀ ਮਨਜੀਤ ਕੌਰ ਔਲਖ ਨੇ ਸ਼ਿਰਕਤ ਕੀਤੀ ਜਦੋਂ ਸਮਾਗ਼ਮ ਦੀ ਪ੍ਰਧਾਨਗੀ ਉਘੇ ਸਾਹਿਤਕਾਰ ਡਾ. ਸੁਰਜੀਤ ਜੱਜ ਅਤੇ ਨਾਵਲਕਾਰ ਸੁਖਵਿੰਦਰ ਪੱਪੀ ਨੇ ਕੀਤੀ। ਉਘੇ ਆਲੋਚਨ ਡਾ. ਕੁਲਦੀਪ ਸਿੰਘ ਦੀਪ ਨੇ ਮੁੱਖ ਬੁਲਾਰੇ ਵਜੋਂ ਹਾਜ਼ਰੀ ਲਗਵਾਈ। ਮੁੱਖ ਪ੍ਰਬੰਧਕਾਂ ‘ਚ ਸ਼ਾਮਲ ਨਾਟਕਕਾਰ ਅਜਮੇਰ ਸਿੰਘ ਔਲਖ ਯੁਵਕ ਸੇਵਾਵਾਂ ਵੈਂਲਫੇਅਰ ਕਲੱਬ ਕੁੰਭੜਵਾਲ ਦੇ ਸਕੱਤਰ ਪ੍ਰਿੰਸੀਪਲ ਸੁਖਵੀਰ ਸਿੰਘ ਜਵੰਧਾ ਨੇ ਜੀ ਆਇਆਂ ਕਿਹਾ। ਡਾ. ਦੀਪ ਨੇ ਔਲਖ ਨੇ ਆਪਣੇ ਨਾਟਕਾਂ ਵਿਚ ਕਾਰਪੋਰੇਟਾਂ ਵੱਲੋਂ ਆਪਣੇ ਨਿਜੀ ਮੁਫਾਦਾਂ ਲਈ ਹਾਸ਼ੀਏ ਤੇ ਧੱਕੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀ ਵਰਗ ਦੇ ਦੁੱਖ-ਦਰਦ ਅਤੇ ਉਨ੍ਹਾਂ ਦਾ ਸੰਘਰਸ਼ਮਈ ਜੀਵਨ ਦਾ ਵਰਨਣ ਕੀਤਾ। ਮਾਤਾ ਮਨਜੀਤ ਔਲਖ ਵੱਲੋਂ ਬਤੌਰ ਪਤੀ ਔਲਖ ਸਾਹਿਬ ਦੇ ਲੋਕ ਪੱਖੀ ਜੀਵਨ ਨੂੰ ਬਾਖੂਬੀ ਚਿਤਰਿਆ। ਨਾਟਕਾਰ ਸ੍ਰੀ ਔਲਖ ਦੇ ਵਿਦਿਆਰਥੀ ਕੁਲਦੀਪ ਚੌਹਾਨ, ਉਨ੍ਹਾਂ ਦੇ ਦੋਸਤ ਪ੍ਰਿੰ. ਦਰਸ਼ਨ ਸਿੰਘ, ਕਹਾਣੀਕਾਰ ਭੋਲਾ ਸਿੰਘ ਸੰਘੇੜਾ, ਔਲਖ ਦੇ ਪਰਿਵਾਰ ਵਿਚੋਂ ਭੂਰਾ ਸਿੰਘ ਔਲਖ, ਜਰਨੈਲ ਸਿੰਘ ਆਦਿ ਨੇ ਆਪੋ ਆਪਣੀਆਂ ਯਾਦਾਂ ਵਿਚ ਵਸੇ ਔਲਖ ਦੇ ਸੁਭਾਅ ਦੀਆਂ ਵੱਖ ਵੱਖ ਵਨੰਗੀਆਂ ਨੂੰ ਸਾਂਝਾ ਕੀਤਾ। ਕਲੱਬ ਦੇ ਪ੍ਰਧਾਨ ਲਛਮਣ ਭੱਟੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਦੇ ਮੈਂਬਰਾਂ ਵੱਲੋਂ ਮਾਤਾ ਮਨਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕੀਤੀ ਗਈ।