ਅਗਾਂਹਵਧੂ ਕਿਸਾਨ ਬਚਿੱਤਰ ਸਿੰਘ ਗਰਚਾ
ਮਨਦੀਪ ਸਿੰਘ/ ਰਵਿੰਦਰ ਕੌਰ/ ਵਿਤਸਤਾ ਧਵਨ
ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਕਲਾਂ ਦੇ ਅਗਾਂਹਵਧੂ ਖੇਤੀ ਉੱਦਮੀ ਬਚਿੱਤਰ ਸਿੰਘ ਗਰਚਾ ਨੇ ਵਿਗੋਰ ਸੋਇਆ ਪ੍ਰੋਡਕਟਸ ਰਾਹੀਂ ਪੂਰੇ ਪੰਜਾਬ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਛੋਟੇ ਜਿਹੇ ਪਿੰਡ ਦੇ ਇਸ ਕਿਸਾਨ ਨੇ ਸਾਲ 2002 ਵਿੱਚ ਸੈਂਟਰਲ ਇੰਸਟੀਚਿਊਟ ਆਫ ਇੰਜੀਨੀਅਰਿੰਗ, ਭੂਪਾਲ (ਮੱਧ ਪ੍ਰਦੇਸ਼) ਤੋਂ ਸੋਇਆਬੀਨ ਪ੍ਰੋਸੈਸਿੰਗ ਦੀ ਟਰੇਨਿੰਗ ਲੈ ਕੇ ਇਹ ਨਿਵੇਕਲਾ ਉੱਦਮ ਸ਼ੁਰੂ ਕੀਤਾ ਸੀ ਜਿਸ ਨੂੰ ਅੱਜ ਉਹ ਆਪਣੇ ਪਰਿਵਾਰ ਦੇ ਭਰਪੂਰ ਸਹਿਯੋਗ ਸਦਕਾ ਸਿਖਰਾਂ ’ਤੇ ਲੈ ਗਿਆ ਹੈ।
ਪਿਛਲੇ ਸਾਲ ਉਸ ਨੇ ਆਪਣੇ ਸੋਇਆ ਪਲਾਂਟ ਨੂੰ ਅਪਗ੍ਰੇਡ ਕਰਕੇ ਸਵੈਚਾਲਤ ਕਰ ਲਿਆ ਹੈ। ਇਸ ਦੇ ਨਾਲ ਹੀ ਉਸ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਆਈਸ ਕਰੀਮ ਅਤੇ ਕੁਲਫੀ ਬਣਾਉਣ ਦੀ ਟਰੇਨਿੰਗ ਲੈ ਕੇ ਇਹ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਗਰਚਾ ਸੋਇਆਬੀਨ ਤੋਂ ਬਹੁਤ ਹੀ ਸਵਾਦੀ ਅਤੇ ਪੌਸ਼ਟਿਕ ਸੋਇਆ ਦੁੱਧ ਅਤੇ ਸੋਇਆ ਟੋਫੂ (ਪਲੇਨ ਅਤੇ ਸਪਾਇਸੀ) ਤਿਆਰ ਕਰਦਾ ਹੈ। ਇਸ ਪ੍ਰੋਸੈਸਿੰਗ ਪ੍ਰੀਕਿਰਿਆ ’ਚੋਂ ਬਚੇ ਵੇਸਟ ਪਦਾਰਥ (ਓਕਾਰਾ) ਦੀ ਸੁਚੱਜੀ ਵਰਤੋਂ ਕਰਕੇ ਉਹ ਕਈ ਤਰ੍ਹਾਂ ਦੀਆਂ ਆਈਟਮਾਂ ਜਿਵੇਂ ਕਿ ਨਮਕੀਨ ਮੱਠੀਆਂ, ਪਕੌੜੀਆਂ, ਮਟਰੀ, ਸਬਜ਼ੀ ਵਾਲੇ ਪਕੌੜੇ ਅਤੇ ਮਿੱਠੇ ਬਿਸਕੁਟ ਆਦਿ ਬਣਾਉਂਦਾ ਹੈ। ਆਪਣੇ ਸਾਰੇ ਸੋਇਆ ਪ੍ਰੋਡਕਟਸ ਨੂੰ ਉਹ ਵਿਗਿਆਨਕ ਅਤੇ ਸ਼ੁੱਧ ਤਰੀਕੇ ਨਾਲ ਬਿਨਾਂ ਕੋਈ ਰਸਾਇਣ ਵਰਤੇ ਤਿਆਰ ਕਰਦਾ ਹੈ ਅਤੇ ਇਨ੍ਹਾਂ ਦੀ ਆਕਰਸ਼ਕ ਪੈਕਿੰਗ ਅਤੇ ਲੇਬਲਿੰਗ ਕਰਕੇ ਇਸ ਦਾ ਵਿਗੋਰ ਬਰਾਂਡ ਨਾਮ ਹੇਠ ਮੰਡੀਕਰਨ ਕਰਦਾ ਹੈ। ਇੱਕ ਹੋਰ ਪਹਿਲਕਦਮੀ ਕਰਦਿਆਂ ਉਹ ਤਿੰਨ ਸੁਆਦਾਂ (ਇਲਾਇਚੀ, ਸਟ੍ਰਾਬੇਰੀ ਅਤੇ ਬਟਰ ਸਕੌਚ) ਵਿੱਚ ਡੇਅਰੀ ਮਿਲਕ ਤਿਆਰ ਕਰਕੇ ਵਿਗੋਰ ਸਿੱਪ ਬਰਾਂਡ ਹੇਠ ਮਾਰਕੀਟ ਕਰ ਰਿਹਾ ਹੈ।
ਗਰਚਾ ਦੱਸਦਾ ਹੈ ਕਿ ਇੱਕ ਕਿਲੋ ਸੋਇਆਬੀਨ ਦੀ ਪ੍ਰੋਸੈਸਿੰਗ ਤੋਂ 7 ਲਿਟਰ ਸੋਇਆ ਦੁੱਧ ਅਤੇ 1.75 ਕਿਲੋ ਟੋਫੂ ਤਿਆਰ ਹੋ ਜਾਂਦਾ ਹੈ। ਇੰਝ, ਉਹ ਪੂਰੇ ਸਾਲ ਵਿੱਚ ਲਗਭਗ 31-32 ਕੁਇੰਟਲ ਸੋਇਆਬੀਨ ਦੀ ਪ੍ਰੋਸੈਸਿੰਗ ਕਰਕੇ 22000 ਲਿਟਰ ਤੋਂ ਵੱਧ ਸੋਇਆ ਦੁੱਧ ਅਤੇ 55 ਕੁਇੰਟਲ ਤੋਂ ਵੱਧ ਟੋਫੂ ਦਾ ਉਤਪਾਦਨ ਕਰ ਲੈਂਦਾ ਹੈ। ਇਨ੍ਹਾਂ ਉਤਪਾਦਾਂ ਦੀ ਵਿਕਰੀ ਲਈ ਉਹ ਲੁਧਿਆਣਾ, ਸੰਗਰੂਰ, ਪਾਤੜਾਂ, ਬਰਨਾਲਾ, ਸਹਿਜੜਾ ਅਤੇ ਰਾਏਕੋਟ ਦੇ ਲਗਭਗ 10 ਵਿਤਰਕਾਂ ਨੂੰ ਸਪਲਾਈ ਭੇਜਦਾ ਹੈ। ਜਿੱਥੇ ਅੱਗੋਂ ਲਗਭਗ 450-500 ਪ੍ਰਚੂਨ ਦੀਆਂ ਦੁਕਾਨਾਂ ਰਾਹੀਂ ਇਹ ਉਤਪਾਦ ਗਾਹਕਾਂ ਤੱਕ ਪਹੁੰਚਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਉਤਪਾਦਾਂ ਦੀ ਸਿੱਧੀ ਮਾਰਕੀਟਿੰਗ ਲਈ ਉਸ ਨੇ ਤਿੰਨ ਗੱਡੀਆਂ ਨੂੰ ਚੱਲਦੀਆਂ-ਫਿਰਦੀਆਂ ਰੇਹੜੀਆਂ ਦੇ ਤੌਰ ’ਤੇ ਤਿਆਰ ਕਰਵਾਇਆ ਹੋਇਆ ਹੈ ਜੋ ਕਿ ਸੰਗਰੂਰ ਸ਼ਹਿਰ ਦੇ ਨੇੜੇ ਦੇ ਤਿੰਨ ਸੇਲ ਪੁਆਇੰਟਾਂ ’ਤੇ ਖੜ੍ਹਦੀਆਂ ਹਨ। ਗਰਚਾ ਨੂੰ ਦੇਸ਼ ਦੀਆਂ ਕਈ ਨਾਮਵਰ ਖੇਤੀਬਾੜੀ ਸੰਸਥਾਵਾਂ, ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਈ ਮੌਕਿਆਂ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ