ਅਗਵਾ ਪੰਜਾਬੀਆਂ ਦੀ ਤਹਿਰਾਨ ਤੋਂ ਸੁਰੱਖਿਅਤ ਵਾਪਸੀ ਲਈ ਦਖ਼ਲ ਦੇਵੇ ਭਾਰਤ ਸਰਕਾਰ: ਨਾਪਾ
ਟ੍ਰਿਬਿਊਨ ਨਿਊਜ਼ ਸਰਵਿਸ
ਜਲੰਧਰ, 16 ਜੂਨ
ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਭਾਰਤ ਸਰਕਾਰ ਅਤੇ ਕੌਮਾਂਤਰੀ ਮਾਨਵੀ ਭਾਈਚਾਰੇ ਨੂੰ ਤਿੰਨ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਰਿਹਾਈ ਲਈ ਫੌਰੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਨੌਜਵਾਨਾਂ ਨੂੰ ਇਰਾਨ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਹੁਣ ਉਹ ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਟਕਰਾਅ ਕਰਕੇ ਉਥੇ ਫਸ ਗਏ ਹਨ। ਚਾਹਲ ਨੇ ਕਿਹਾ ਕਿ ਹੁਸਨਪ੍ਰੀਤ ਸਿੰਘ (27) ਵਾਸੀ ਸੰਗਰੂਰ, ਅੰਮ੍ਰਿਤਪਾਲ ਸਿੰਘ (23) ਵਾਸੀ ਹੁਸ਼ਿਆਰਪੁਰ ਅਤੇ ਜਸਪਾਲ ਸਿੰਘ (32) ਵਾਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਕਥਿਤ ਕੌਮਾਂਤਰੀ ਮਨੁੱਖੀ ਤਸਕਰੀ ਸਿੰਡੀਕੇਟ ਨੇ ਤਹਿਰਾਨ ਰਾਹੀਂ ਆਸਟਰੇਲੀਆ ਜਾਂਦੇ ਸਮੇਂ ਅਗਵਾ ਕੀਤਾ ਸੀ। ਇਨ੍ਹਾਂ ਨੌਜਵਾਨਾਂ ਨੇ ਪੰਜਾਬ ਵਿੱਚ ਏਜੰਟਾਂ ਨੂੰ ਕਰੀਬ 18-18 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਨੂੰ ਵੈਧ ਤਰੀਕੇ ਨਾਲ ਆਸਟਰੇਲੀਆ ਭੇਜਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉਨ੍ਹਾਂ ਦੀ ਯਾਤਰਾ ਕੁੱਟਮਾਰ ਅਤੇ ਫਿਰੌਤੀ ਦੀ ਮੰਗ ਕਰਕੇ ਭਿਆਨਕ ਸੁਪਨੇ ਵਿੱਚ ਬਦਲ ਗਈ।
ਚਾਹਲ ਨੇ ਕਿਹਾ, ‘ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਅਣਕਿਆਸੇ ਡਰ ਅਤੇ ਪ੍ਰੇਸ਼ਾਨੀ ਵਿੱਚ ਜੀਅ ਰਹੇ ਹਨ।’ ਉਨ੍ਹਾਂ ਕਿਹਾ, ‘ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਭਾਰਤੀ ਅਧਿਕਾਰੀਆਂ ਵੱਲੋਂ ਦਿੱਤੇ ਗਏ ਭਰੋਸੇ ’ਤੇ ਟਿਕੇ ਹੋਏ ਹਨ, ਪਰ ਇਜ਼ਰਾਈਲ ਤੇ ਇਰਾਨ ਵਿਚਾਲੇ ਜਾਰੀ ਜੰਗ ਕਰਕੇ ਤਹਿਰਾਨ ਵਿਚ ਚੱਲ ਰਹੀ ਫੌਜੀ ਅਸ਼ਾਂਤੀ ਉਨ੍ਹਾਂ ਦੀ ਹਾਲਤ ਨੂੰ ਹੋਰ ਵੀ ਮੁਸ਼ਕਲ ਬਣਾ ਰਹੀ ਹੈ। ਇਹ ਨੌਜਵਾਨ ਹੁਣ ਸਿਰਫ਼ ਤਸਕਰੀ ਦੇ ਸ਼ਿਕਾਰ ਨਹੀਂ ਹਨ, ਸਗੋਂ ਜੰਗ ਦੇ ਵੀ ਸ਼ਿਕਾਰ ਹਨ।’
ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਕੋਸ਼ਿਸ਼ਾਂ ਤੇਜ਼ ਕਰਨੀਆਂ ਭਾਰਤ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਦਾ ਦਖਲ ਵੀ ਮੰਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਟਰੈਵਲ ਏਜੰਟਾਂ ਖ਼ਿਲਾਫ਼ ਵੀ ਤੁਰੰਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।