ਅਕਾਲ ਅਕੈਡਮੀ ਤਿੱਬੜ ’ਚ ਗੁਰਮਤਿ ਸਮਾਗਮ
ਪੱਤਰ ਪ੍ਰੇਰਕ
ਧਾਰੀਵਾਲ, 28 ਦਸੰਬਰ
ਇਥੇ ਅਕਾਲ ਅਕੈਡਮੀ ਤਿੱਬੜ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੇ ਜੀਵਨ ਅਤੇ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫ਼ਤਾ ਮਨਾਇਆ ਗਿਆ। ਇਸ ਸਬੰਧੀ ਅਕੈਡਮੀ ਦੇ ਪ੍ਰਿੰਸੀਪਲ ਗੁਰਵਿੰਦਰ ਕੌਰ ਦੇ ਪ੍ਰਬੰਧਾਂ ਹੇਠ ਗੁਰਮਤਿ ਸਮਾਗਮ ਕਰਵਾਏ ਗਏ। ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਕਿ ਸਫਰ-ਏ-ਸ਼ਹਾਦਤ ਤਹਿਤ ਲੜੀਵਾਰ ਰੋਜ਼ਾਨਾ ਸਮਾਗਮਾਂ ਦੌਰਾਨ ਦਲਜੀਤ ਕੌਰ, ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ, ਬੀਬੀ ਹਰਸ਼ਰਨ ਕੌਰ ਨੇ ਸ਼ਹੀਦੀ ਸਾਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਸ਼ਹਾਦਤ ਸਬੰਧੀ ਵਾਰਾਂ ਸੁਣ ਕੇ ਸੰਗਤ ਦੀਆਂ ਅੱਖਾਂ ਨਮ ਹੋ ਗਈਆਂ। ਅਧਿਆਪਕਾ ਪਰਵਿੰਦਰ ਕੌਰ ਨੇ ਸਾਕਾ ਸਰਹੰਦ ਬਾਰੇ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਬਾਰੇ ਦੱਸਿਆ ਅਤੇ ਦੀਵਾਨ ਟੋਡਰਮੱਲ ਜੀ, ਭਾਈ ਮੋਤੀ ਰਾਮ ਮਹਿਰਾ ਜੀ, ਸ਼ੇਰ ਖਾਨ ਮੁਹੰਮਦ ਜੀ ਨੂੰ ਯਾਦ ਕੀਤਾ। ਪ੍ਰਿੰਸੀਪਲ ਗੁਰਵਿੰਦਰ ਕੌਰ ਨੇ ਦੱਸਿਆ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਕਰਨ ਲਈ ਦੀਵਾਨ ਟੋਡਰਮੱਲ ਨੇ ਆਪਣਾ ਸਾਰਾ ਕੁੱਝ ਵੇਚ ਕੇ ਸਸਕਾਰ ਕਰਨ ਲਈ ਜ਼ਮੀਨ ਖਰੀਦੀ।