ਅਕਾਲੀ ਵਰਕਰਾਂ ਨੂੰ ਬੂਥ ਪੱਧਰ ’ਤੇ ਲਾਮਬੰਦੀ ਦਾ ਹੋਕਾ
ਸੁਰਜੀਤ ਮਜਾਰੀ
ਬੰਗਾ, 15 ਸਤੰਬਰ
ਇੱਥੋਂ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਥਾਨਕ ਆਗੂਆਂ ਨੇ ਅੱਜ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪਲੇਠੀ ਮੀਟਿੰਗ ਕਰਕੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ। ਇਸ ਇਕੱਤਰਤਾ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਦੀਆਂ ਵਧੀਕੀਆਂ ਅਤੇ ਨਾਕਾਮੀਆਂ ਗਿਣਾਉਂਦੇ ਹੋਏ ਹਾਕਮ ਧਿਰ ’ਤੇ ਵਿਅਕਤੀਗਤ ਹਿੱਤ ਪੂਰਨ ਦੇ ਦੋਸ਼ ਲਾਏ। ਉਨ੍ਹਾਂ ਪਾਰਟੀ ਵਰਕਰਾਂ ਨੂੰ ਬੂਥ ਪੱਧਰ ’ਤੇ ਲਾਮਬੰਦੀ ਦਾ ਹੋਕਾ ਦਿੱਤਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸੁਕਾਰ ਨੇ ਡੀਜ਼ਲ-ਪੈਟਰੋਲ ਦੀਆਂ ਵਧੀਆਂ ਕੀਮਤਾਂ, ਬੱਸ ਕਿਰਾਏ ਵਿੱਚ ਕੀਤੇ ਵਾਧੇ ਅਤੇ 7 ਕਿੱਲੋਵਾਟ ਦੇ ਲੋਡ ਤੱਕ ਸਬਸਿਡੀ ਖਤਮ ਕਰਨ ਖ਼ਿਲਾਫ਼ ਰੋਸ ਪ੍ਰਗਟਾਇਆ। ਉਨ੍ਹਾਂ ਦੱਸਿਆ ਕਿ ਇਸ ਦੇ ਵਿਰੋਧ ਵਜੋਂ 23 ਸਤੰਬਰ ਨੂੰ ਜ਼ਿਲ੍ਹਾ ਪੱਧਰ ’ਤੇ ਧਰਨਾ ਦਿੱਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਸਰਕਾਰ ’ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾਉਂਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਵੇਲੇ ਵੀ ਸਰਕਾਰ ਨਿਯਮਾਂ ਦੀਆਂ ਧੱਜੀਆਂ ਉਡਾਉਣ ਅਤੇ ਅਧਿਕਾਰੀਆਂ ’ਤੇ ਦਬਾਅ ਪਾ ਕੇ ਗਲਤ ਵੋਟਾਂ ਬਣਾਉਣ ਦੀ ਗੱਲ ਕਹੀ। ਕਿਸਾਨ ਵਿੰਗ ਦੇ ਆਗੂ ਸਤਨਾਮ ਸਿੰਘ ਲਾਦੀਆਂ ਨੇ ਸਟੇਜ ਸੰਚਾਲਨ ਕਰਦਿਆਂ ਅਕਾਲੀ ਦਲ ਦੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਅਕਾਲੀ ਵਰਕਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਇਸ ਮੌਕੇ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਨਵਦੀਪ ਸਿੰਘ ਅਨੋਖਰਵਾਲ, ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਾਨ ਤੇ ਸਾਬਕਾ ਸਰਪੰਚ ਲਖਵੀਰ ਸਿੰਘ ਦੀਪਾ ਆਦਿ ਵੀ ਆਪੋਂ ਆਪਣੇ ਜੱਥਿਆਂ ਨਾਲ ਸ਼ਾਮਲ ਹੋਏ।