ਅਕਾਲੀ ਦਲ ਵੱਲੋਂ ਪਿੰਡਾਂ ਲਈ ਵੱਖਰੇ ਕਾਨੂੰਨ ਬਣਾਉਣ ਦੀ ਮੰਗ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 3 ਜਨਵਰੀ
ਮੁਹਾਲੀ ਨਗਰ ਨਿਗਮ ਅਧੀਨ ਛੇ ਪਿੰਡਾਂ ਸੋਹਾਣਾ, ਕੁੰਭੜਾ, ਮਟੌਰ, ਸ਼ਾਹੀਮਾਜਰਾ, ਮਦਨਪੁਰ ਅਤੇ ਮੁਹਾਲੀ ਪਿੰਡਾਂ ਲਈ ਵੱਖਰੇ ਕਾਨੂੰਨ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਇਹ ਮੁੱਦਾ ਚੁੱਕਦਿਆਂ ਪੰਜਾਬ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਚੁੱਕੇ ਹਨ। ਅੱਜ ਇੱਥੇ ਪਾਰਟੀ ਦਫ਼ਤਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੁਹਾਲੀ ਨੇੜਲੇ ਪਿੰਡਾਂ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕਰਨ ਸਮੇਂ ਵੀ ਉਨ੍ਹਾਂ ਸਣੇ ਹੋਰਨਾਂ ਲੋਕਾਂ ਨੇ ਇਹ ਮੁੱਦਾ ਪੁਰੇ ਸ਼ੋਰਾਂ ਨਾਲ ਚੁੱਕਿਆ ਸੀ ਅਤੇ ਆਪਣੇ ਇਤਰਾਜ਼ ਵੀ ਦਰਜ ਕਰਵਾਏ ਗਏ ਸੀ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਇਨ੍ਹਾਂ ਪਿੰਡਾਂ ਨੂੰ ਨਿਗਮ ਅਧੀਨ ਲਿਆ ਗਿਆ ਸੀ, ਉਦੋਂ ਅਧਿਕਾਰੀ ਕੁੱਝ ਹੋਰ ਕਹਿੰਦੇ ਸੀ ਅਤੇ ਹੁਣ ਲੋਕਾਂ ਨੂੰ ਕਾਨੂੰਨ ਸਿਖਾਉਣ ਲੱਗ ਪਏ ਹਨ। ਇਨ੍ਹਾਂ ਪਿੰਡਾਂ ਦੀ ਕਰੋੜਾਂ ਅਰਬਾਂ ਦੀ ਜ਼ਮੀਨ ਵੀ ਨਿਗਮ ਅਧੀਨ ਆ ਗਈ ਹੈ ਅਤੇ ਲੋਕਾਂ ਤੋਂ ਪ੍ਰਾਪਰਟੀ ਟੈਕਸ ਵੀ ਵਸੂਲਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਪਿੰਡਾਂ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਪਰਵਿੰਦਰ ਸੋਹਾਣਾ ਨੇ ਕਿਹਾ ਕਿ ਹਾਲੇ ਵੀ ਪਿੰਡ ਦਾ ਵਿਕਾਸ ਸ਼ਹਿਰ ਦੀ ਤਰਜ਼ ’ਤੇ ਨਹੀਂ ਹੋ ਸਕਿਆ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਦੇ ਉਪ-ਨਿਯਮ ਸ਼ਹਿਰਾਂ ਨਾਲੋਂ ਵੱਖਰੇ ਬਣਾਏ ਜਾਣ ਕਿਉਂਕਿ ਮੌਜੂਦਾ ਬਾਇਲਾਜ ਅੰਗਰੇਜ਼ਾਂ ਵੇਲੇ ਦੇ ਬਣੇ ਹਨ ਜਦੋਂਕਿ ਪਿੰਡਾਂ ਨੂੰ ਕੁੱਝ ਵਰ੍ਹੇ ਪਹਿਲਾਂ ਹੀ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਪਿੰਡਾਂ ਦੇ ਲੋਕਾਂ ਅਤੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਮਸਲੇ ਦੇ ਹੱਲ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੀ ਸਮਾਜਿਕ ਤੇ ਕਾਨੂੰਨੀ ਚਾਰਾਜੋਈ ਕੀਤੀ ਜਾਵੇ। ਇਸ ਮੌਕੇ ਹਰਪ੍ਰੀਤ ਸਿੰਘ ਸੋਹਾਣਾ, ਬਹਾਦਰ ਸਿੰਘ ਮਦਨਪੁਰ, ਸਰਬਜੀਤ ਸਿੰਘ ਕੁੰਭੜਾ, ਅਮਨ ਪੂਨੀਆ ਹਾਜ਼ਰ ਸਨ।