ਅਕਾਲੀ ਦਲ ਨੂੰ ਵੋਟਾਂ ਦੌਰਾਨ ਧਾਂਦਲੀਆਂ ਦਾ ਖ਼ਦਸ਼ਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਦਸੰਬਰ
ਅਕਾਲੀ ਦਲ ਬਾਦਲ ਨੇ ਖਦਸ਼ਾ ਜਾਹਰ ਕੀਤਾ ਹੈ ਕਿ 21 ਦਸੰਬਰ ਨੂੰ ਨਗਰ ਨਿਗਮ ਪਟਿਆਲਾ ਲਈ ਪੈਣ ਵਾਲ਼ੀਆਂ ਵੋਟਾਂ ਦੌਰਾਨ ਸੱਤਾਧਾਰੀ ਧਿਰ ‘ਆਪ’ ਵੱਲੋਂ ਧਾਂਦਲੀਆਂ ਕੀਤੀਆਂ ਜਾਣਗੀਆਂ। ਇਸ ਦੌਰਾਨ ਫਰਜ਼ੀ ਵੋਟਾਂ ਪਾਉਣ ਸਣੇ ਬੂਥਾਂ ’ਤੇ ਕਬਜ਼ੇ ਕਰਨ ਦਾ ਖਦਸ਼ਾ ਵੀ ਜ਼ਾਹਿਰ ਕੀਤਾ ਗਿਆ ਹੈ। ਅਕਾਲੀ ਦਲ ਵੱਲੋਂ ਪਟਿਆਲਾ ਲਈ ਚੋਣ ਆਬਜ਼ਰਵਰ ਲਾਏ ਗਏ ਐੱਨਕੇ ਸ਼ਰਮਾ ਤੇ ਗੁਰਪ੍ਰ੍ਰੀਤ ਸਿੰਘ ਰਾਜੂਖੰਨਾ ਸਣੇ ਅਕਾਲੀ ਦਲ ਦੇ ਸਥਾਨਕ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਮਿਤ ਰਾਠੀ ਸਮੇਤ ਪਟਿਆਲਾ ਸ਼ਹਿਰੀ ਦੇ ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ, ਪਟਿਆਲਾ ਦਿਹਾਤੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਤੇ ਸੁਖਵਿੰਦਰਪਾਲ ਸਿੰਘ ਮਿੰਟਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ‘ਆਪ’ ਦੇ ਕਾਰਕੁਨਾਂ ਵੱਲੋਂ ਉਨ੍ਹਾਂ ਦੇ 18 ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਨਹੀਂ ਭਰਨ ਦਿੱਤੇ ਗਏ, ਜਿਸ ਕਰਕੇ ਹੁਣ ਉਨ੍ਹਾਂ ਦੇ 42 ਉਮੀਦਵਾਰ ਹੀ ਚੋਣ ਲੜ ਰਹੇ ਹਨ, ਪਰ ਇਨ੍ਹਾਂ ਨੂੰ ਵੀ ‘ਆਪ’ ਵੱਲੋਂ ਪੁਲੀਸ ਰਾਹੀਂ ਧਮਕਾਇਆ ਜਾ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਕਿਉਂਕਿ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਜਿਸ ਕਰਕੇ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾ ਰਹੇ ਇਸੇ ਕਰਕੇ ਕਥਿਤ ਤੌਰ ’ਤੇ 15 ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜਿਤਾਉਣ ਦੇ ਬਾਵਜੂਦ ‘ਆਪ’ ਨੂੰ ਮੇਅਰ ਬਣਾਉਣ ਲਈ ਬਣਦੇ ਉਮੀਦਵਾਰ ਨਾ ਜਿੱਤ ਸਕਣ ਦਾ ਖਤਰਾ ਹੈ। ਇਸੇ ਕਰਕੇ ਹੁਣ ਭਲਕੇ ਵੀ ਧਾਂਦਲੀਆਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਆਗੂਆਂ ਨੂੰ ਇਸ ਮਸਲੇ ’ਚ ਸਥਾਨਕ ਪ੍ਰਸ਼ਾਸਨ ਨੂੰ ਵੀ ਭੰਡਿਆ ਅਤੇ ਅਜਿਹੀ ਸਥਿਤੀ ’ਚ ਅਦਾਲਤ ਜਾਣ ਦੀ ਚਿਤਾਵਨੀ ਵੀ ਦਿੱਤੀ। ਐਨ ਕੇ ਸ਼ਰਮਾ ਤੇ ਰਾਜੂ ਖੰਨਾ ਨੇ ਕਿਹਾ ਕਿ ਭਲਕੇ ਅਕਾਲੀ ਦਲ ਦੇ ਵਰਕਰ ਹਰੇਕ ਬੂਥ ’ਤੇ ਨਜ਼ਰ ਰੱਖਣਗੇ, ਤਾਂ ਜੋ ‘ਆਪ’ ਧੱਕਾ ਨਾ ਕਰ ਸਕੇ।
ਗੜਬੜੀਆਂ ਦੇ ਮਾਮਲੇ ਨੂੰ ਲੈ ਕੇ ਅਦਾਲਤੀ ਆਦੇਸ਼ਾਂ ’ਤੇ ਨਗਰ ਨਿਗਮ ਪਟਿਆਲਾ ਦੀਆਂ 7 ਵਾਰਡਾਂ ’ਚ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ।
‘ਆਪ’ ਆਗੂਆਂ ਨੇ ਦੋਸ਼ ਨਕਾਰੇ
ਪਟਿਆਲਾ ਨਾਲ ਸਬੰਧਿਤ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਕੋਹਲੀ ਤੇ ਹਰਮੀਤ ਪਠਾਣਮਾਜਰਾ ਨੇ ਅਕਾਲੀ ਆਗੂਆਂ ਦੇ ਦੋੋਸ਼ਾਂ ਨੂੰ ਸਿਰੋਂ ਤੋਂ ਨਕਾਰ ਦਿਤਾ। ਜਦਕਿ ਪ੍ਰ੍ਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਪਹਿਲਾਂ ਪੂਰੀ ਨਿਗ੍ਹਾ ਰੱਖੀ ਗਈ ਹੈ, ਉਵੇਂ ਹੀ ਭਲਕੇ ਵੋਟਾਂ ਦੌਰਾਨ ਵੀ ਕਿਸੇ ਸ਼ਰਾਰਤੀ ਅਨਸਰ ਨੂੰ ਕੋਈ ਵੀ ਗੜਬੜੀ ਨਹੀਂ ਕਰਨ ਦਿੱਤੀ ਜਾਵੇਗੀ, ਜਿਸ ਲਈ ਹਰੇਕ ਥਾਂ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ।