‘ਉਮਰਾਓ ਜਾਨ’ 27 ਨੂੰ ਮੁੜ ਹੋਵੇਗੀ ਰਿਲੀਜ਼
ਨਵੀਂ ਦਿੱਲੀ:
ਰੇਖਾ ਦੀ ਮੁੱਖ ਭੂਮਿਕਾ ਵਾਲੀ 1981 ਦੀ ਕਲਾਸਿਕ ਫਿਲਮ ‘ਉਮਰਾਓ ਜਾਨ’ 27 ਜੂਨ ਨੂੰ ਚਾਰ ਹਜ਼ਾਰ ਵਰਜ਼ਨ ਵਿੱਚ ਪੀਵੀਆਰ ਆਈਨੌਕਸ ਥੀਏਟਰ ਵਿੱਚ ਮੁੜ ਰਿਲੀਜ਼ ਕੀਤੀ ਜਾਵੇਗੀ। ਫਿਲਮ ਦਾ ਨਿਰਦੇਸ਼ਕ ਮੁਜ਼ੱਫਰ ਅਲੀ ਹੈ। ਰੇਖਾ ਨੇ ਇਸ ਵਿੱਚ ਅਮੀਰਨ ਨਾਂ ਦੀ ਦਰਬਾਰੀ-ਕਵਿੱਤਰੀ ਦੀ ਭੂਮਿਕਾ ਨਿਭਾਈ ਸੀ। ਰੇਖਾ ਨੂੰ ਇਸ ਫ਼ਿਲਮ ਲਈ 1982 ਵਿੱਚ ‘ਸਰਵੋਤਮ ਅਦਾਕਾਰਾ’ ਦਾ ਕੌਮੀ ਪੁਰਸਕਾਰ ਵੀ ਮਿਲਿਆ ਸੀ। ਰੇਖਾ ਨੇ ਬਿਆਨ ਵਿੱਚ ਕਿਹਾ ਕਿ ਫਿਲਮ ਵਿੱਚ ਨਿਭਾਇਆ ਕਿਰਦਾਰ ਹੁਣ ਵੀ ਉਸ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ, ‘‘‘ਉਮਰਾਓ ਜਾਨ’, ਜਿਸ ਵਿੱਚ ਮੈਂ ਅਦਾਕਾਰੀ ਕੀਤੀ ਹੈ, ਸਿਰਫ਼ ਇੱਕ ਫਿਲਮ ਨਹੀਂ ਹੈ, ਉਹ ਮੇਰੇ ਅੰਦਰ ਵਸਦੀ ਹੈ, ਮੇਰੇ ਰਾਹੀਂ ਸਾਹ ਲੈਂਦੀ ਹੈ।’’ ਅਲੀ ਨੇ ਕਿਹਾ ਕਿ ਉਹ ਇਸ ਫ਼ਿਲਮ ਦੇ ਮੁੜ ਰਿਲੀਜ਼ ਹੋਣ ਕਾਰਨ ਉਤਸੁਕ ਹੈ। ‘ਉਮਰਾਓ ਜਾਨ’ ਸਿਰਫ਼ ਫ਼ਿਲਮ ਨਹੀਂ ਸੀ, ਇਹ ਗੁਆਚੇ ਹੋਏ ਸਭਿਆਚਾਰ, ਇੱਕ ਭੁੱਲੀ ਹੋਈ ਤਹਿਜ਼ੀਬ ਦੀ ਰੂਹ ਦੀ ਯਾਤਰਾ ਸੀ। ਇਹ ਫ਼ਿਲਮ ਮਿਰਜ਼ਾ ਹਾਦੀ ਰੁਸਵਾ ਦੇ 1899 ਦੇ ਉਰਦੂ ਨਾਵਲ ‘ਉਮਰਾਓ ਜਾਨ ਅਦਾ’ ’ਤੇ ਅਧਾਰਿਤ ਹੈ। ਇਸ ਫਿਲਮ ਨੂੰ ‘ਦਿਲ ਚੀਜ਼ ਕਿਆ ਹੈ’, ‘ਆਂਖੋਂ ਕੀ ਮਸਤੀ’ ਅਤੇ ਜੁਸਤੁਜੂ ਜਿਸਕੀ ਥੀ’ ਵਰਗੇ ਮਕਬੂਲ ਗੀਤਾਂ ਕਾਰਨ ਵੀ ਯਾਦ ਕੀਤਾ ਜਾਂਦਾ ਹੈ। -ਪੀਟੀਆਈ