ਰਾਮਗੜ੍ਹ (ਝਾਰਖੰਡ), 12 ਅਪਰੈਲਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਹੈ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨਾਲ ਛੇੜਖਾਨੀ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ’ਚ ਵਰਤੀਆਂ ਜਾਂਦੀਆਂ ਈਵੀਐੱਮਜ਼ ਨੂੰ ਇੰਟਰਨੈੱਟ, ਬਲੂਟੁੱਥ ਜਾਂ ਇੰਫਰਾਰੈੱਡ ਨਾਲ ਨਹੀਂ ਜੋੜਿਆ ਜਾ ਸਕਦਾ ਹੈ ਜਿਸ ਕਾਰਨ ਉਸ ਨਾਲ ਛੇੜਖਾਨੀ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਹੈ। ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਗਿਆਨੇਸ਼ ਕੁਮਾਰ ਨੇ ਕਿਹਾ, ‘‘ਈਵੀਐੱਮਜ਼ ਦੀ ਕਾਨੂੰਨੀ ਜਾਂਚ ਹੋ ਚੁੱਕੀ ਹੈ। ਭਾਰਤ ’ਚ ਵਰਤੀਆਂ ਜਾਣ ਵਾਲੀਆਂ ਈਵੀਐੱਮਜ਼ ਨੂੰ ਨਾ ਤਾਂ ਇੰਟਰਨੈੱਟ, ਨਾ ਬਲੂਟੁੱਥ ਅਤੇ ਨਾ ਹੀ ਇੰਫਰਾਰੈੱਡ ਨਾਲ ਜੋੜਿਆ ਜਾ ਸਕਦਾ ਹੈ। ਈਵੀਐੱਮਜ਼ ਨੂੰ ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਚੀਜ਼ ਨਾਲ ਨਹੀਂ ਜੋੜਿਆ ਜਾ ਸਕਦਾ ਹੈ। ਇਸ ਲਈ ਉਸ ਨਾਲ ਛੇੜਖਾਨੀ ਕਰਨਾ ਸੰਭਵ ਨਹੀਂ ਹੈ।’’ ਮੁੱਖ ਚੋਣ ਕਮਿਸ਼ਨਰ ਨੇ ਅੱਜ ਰਾਮਗੜ੍ਹ ’ਚ 55 ਵਾਲੰਟੀਅਰਜ਼ ਨਾਲ ਗੱਲਬਾਤ ਕੀਤੀ ਜਿਨ੍ਹਾਂ ਪਿਛਲੇ ਸਾਲ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ’ਚ ਚੋਣ ਕਮਿਸ਼ਨ ਦੀ ਸਹਾਇਤਾ ਕੀਤੀ ਸੀ। -ਪੀਟੀਆਈ