ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਸੀ ਦੇ ਘਿਰਾਓ ਦੀ ਚਿਤਾਵਨੀ

ਪਿੰਡ ਕੁਲਾਰ ਖੁਰਦ ’ਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਵਿੱਚ ਮੋਰਚਾ ਲਗਾ ਕੇ ਬੈਠੇ ਦਲਿਤ ਪਰਿਵਾਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਮਈ
ਰਾਖਵੇਂ ਕੋਟੇ ਦੀਆਂ ਪੰਚਾਇਤੀ ਜ਼ਮੀਨਾਂ ਦੀਆਂ ਬੋਲੀਆਂ ਨੂੰ ਲੈ ਕੇ ਮਾਮਲਾ ਭੱਖਦਾ ਜਾ ਰਿਹਾ ਹੈ। ਪਿੰਡ ਕੁਲਾਰ ਖੁਰਦ ਵਿੱਚ ਹੋਈ ਬੋਲੀ ਨੂੰ ਡੰਮੀ ਕਰਾਰ ਦਿੰਦਿਆਂ ਪਿੰਡ ਦੇ ਬਹੁਗਿਣਤੀ ਦਲਿਤ ਪਰਿਵਾਰ ਬੋਲੀ ਰੱਦ ਕਰਵਾਉਣ ਅਤੇ ਸਾਂਝੀ ਖੇਤੀ ਲਈ ਜ਼ਮੀਨ ਦੇਣ ਦੀ ਮੰਗ ਨੂੰ ਲੈ ਕੇ ਸਬੰਧਤ ਜ਼ਮੀਨ ’ਤੇ ਮੋਰਚਾ ਲਗਾ ਕੇ ਬੈਠ ਗਏ ਹਨ। ਉੱਧਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਵੱਖ-ਵੱਖ ਪਿੰਡਾਂ ’ਚ ਡੰਮੀ ਬੋਲੀਆਂ ਕਰਵਾਉਣ ਤੇ ਸਾਂਝੀ ਖੇਤੀ ਮਾਡਲ ਨੂੰ ਸਰਕਾਰੀ ਧਿਰ ਵੱਲੋਂ ਅਣਗੌਲਿਆਂ ਕਰਨ ਦੇ ਦੋਸ਼ ਲਾਉਂਦਿਆਂ 28 ਮਈ ਨੂੰ ਡਿਪਟੀ ਕਮਿਸ਼ਨਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਅੱਜ ਦੂਜੇ ਦਿਨ ਵੀ ਕੁਲਾਰ ਖੁਰਦ ਵਿੱਚ ਦਲਿਤ ਵਰਗ ਵੱਲੋਂ ਸਬੰਧਤ ਜ਼ਮੀਨ ’ਤੇ ਮੋਰਚਾ ਜਾਰੀ ਰਿਹਾ। ਪਿੰਡ ਦੀ ਰਾਖਵੇਂ ਕੋਟੇ ਦੀ 70 ਵਿੱਘੇ ਜ਼ਮੀਨ ’ਚੋਂ ਤਿੰਨ ਟੱਕਾਂ ਦੀ ਬੋਲੀ ਹੋਈ ਸੀ ਜਦੋਂ ਕਿ ਪਿਛਲੇ ਸਾਲ ਕਰੀਬ 35-40 ਵਿੱਘੇ ਜ਼ਮੀਨ ’ਤੇ ਸਾਂਝੀ ਖੇਤੀ ਕਰਨ ਵਾਲੇ ਬਹੁਗਿਣਤੀ ਪਰਿਵਾਰਾਂ ਨੂੰ ਜ਼ਮੀਨ ਨਹੀਂ ਮਿਲੀ ਜਿਸ ਤੋਂ ਉਹ ਖਫ਼ਾ ਹਨ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਜ਼ਮੀਨ ਦਿਵਾਉਣ ਦਾ ਭਰੋਸਾ ਮਿਲਿਆ ਹੈ ਪ੍ਰੰਤੂ ਅਜੇ ਇਹ ਮਾਮਲਾ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਉਧਰ ਦਲਿਤ ਵਰਗ ਦੀ ਅਗਵਾਈ ਕਰ ਰਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ ਮਲੌਦ ਅਤੇ ਜਨਰਲ ਸਕੱਤਰ ਪਰਮਜੀਤ ਕੌਰ ਲੌਂਗੋਵਾਲ ਨੇ ਐਲਾਨ ਕੀਤਾ ਹੈ ਕਿ 28 ਮਈ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦਾ ਘਿਰਾਓ ਕੀਤਾ ਜਾਵੇਗਾ।

Tags :