ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ’ਚ ਤਕਰਾਰ

ਟਰੈਕਟਰ ਨਾਲ ਵਾਹੀ ਜਾ ਰਹੀ ਵਿਵਾਦਤ ਥਾਂ ਅਤੇ ਸਫ਼ਾਈ ਕਰਦੀਆਂ ਹੋਈਆਂ ਮਹਿਲਾਵਾਂ।

ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ (ਮੁਹਾਲੀ), 20 ਸਤੰਬਰ
ਮਾਣਕਪੁਰ ਕੱਲਰ ਵਿਚ ਲਾਲ ਲਕੀਰ ਦੇ ਅੰਦਰ ਇੱਕ ਏਕੜ ਦੇ ਕਰੀਬ ਜ਼ਮੀਨ ਨੂੰ ਲੈਕੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਕੁੱਝ ਪਰਿਵਾਰ ਆਹਮੋ-ਸਾਹਮਣੇ ਆ ਗਏ ਹਨ। ਪੰਚਾਇਤ ਵੱਲੋਂ ਅੱਜ ਸਬੰਧਤ ਥਾਂ ਦੀ ਵਹਾਈ ਕਰਵਾਈ ਗਈ। ਇਸ ਮੌਕੇ ਦੂਜੀ ਧਿਰ ਨੇ ਜ਼ਮੀਨ ਵਾਹੁਣ ਦਾ ਵਿਰੋਧ ਕੀਤਾ। ਮੌਕੇ ’ਤੇ ਮੌਜੂਦ ਪੁਲੀਸ ਕਰਮਚਾਰੀਆਂ ਨੇ ਵਿਰੋਧ ਕਰਨ ਵਾਲਿਆਂ ਨੂੰ ਜ਼ਮੀਨ ਦੇ ਨੇੜੇ ਨਾ ਜਾਣ ਦਿੱਤਾ, ਜਿਸ ਮਗਰੋਂ ਪੰਚਾਇਤ ਨੇ ਸਮੁੱਚੀ ਜ਼ਮੀਨ ਵਾਹ ਲਈ ਤੇ ਆਪਣਾ ਕਬਜ਼ਾ ਹੋਣ ਦਾ ਦਾਅਵਾ ਕੀਤਾ।
ਪਿੰਡ ਦੇ ਸਰਪੰਚ ਕਰਮ ਸਿੰਘ ਨੇ ਦੱਸਿਆ ਕਿ ਸਬੰਧਤ ਥਾਂ ਪੰਚਾਇਤ ਦੀ ਜਾਇਦਾਦ ਹੈ ਤੇ ਇਸ ਦਾ ਪੰਚਾਇਤ ਵੱਲੋਂ 26 ਜੂਨ ਨੂੰ ਕਬਜ਼ਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਸਬੰਧਤ ਜ਼ਮੀਨ ਵਿੱਚ ਬੂਟੇ ਲਗਾਏ ਗਏ ਸਨ ਜਿਨ੍ਹਾਂ ਨੂੰ ਦੂਜੀ ਧਿਰ ਨੇ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵੱਲੋਂ ਇਸ ਸਬੰਧੀ ਥਾਣਾ ਸੋਹਾਣਾ ਵਿਚ ਪਰਚਾ ਵੀ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਬੰਧਤ ਥਾਂ ਉੱਤੇ ਪਾਰਕ ਤੇ ਗਰਾਊਂਡ ਬਣਾਇਆ ਜਾਵੇਗਾ ਅਤੇ ਆਲੇ-ਦੁਆਲੇ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਕਿਸੇ ਵੀ ਅਦਾਲਤੀ ਨਿਰਦੇਸ਼ ਦੀ ਉਲੰਘਣਾ ਨਹੀਂ ਕੀਤੀ। ਮੌਕੇ ’ਤੇ ਮੌਜੂਦ ਥਾਣਾ ਸੋਹਾਣਾ ਦੇ ਏਐੱਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਪੰਚਾਇਤ ਦੀ ਸ਼ਿਕਾਇਤ ਉੱਤੇ ਸਬੰਧਤ ਥਾਂ ਵਿੱਚ ਲਗਾਏ ਬੂਟਿਆਂ ਨੂੰ ਨੁਕਸਾਨ ਪਹੁੰਚਾਣ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖਿਲਾਫ਼ 22 ਅਗਸਤ ਨੂੰ ਮਾਮਲਾ ਦਰਜ ਕੀਤਾ ਗਿਆ ਸੀ।
ਇਸੇ ਦੌਰਾਨ ਅਮਨਦੀਪ ਸਿੰਘ, ਨਿਰਮਲ ਸਿੰਘ, ਪਾਖਰ ਸਿੰਘ, ਰੋਡੂ ਸਿੰਘ ਨੇ ਦੱਸਿਆ ਕਿ ਆਬਾਦੀ ਦੇਹ ਦੀ ਇਸ ਜ਼ਮੀਨ ਉੱਤੇ ਉਨ੍ਹਾਂ ਦੇ ਪਰਿਵਾਰ ਦਾ ਪਿਛਲੇ 50 ਸਾਲਾਂ ਤੋਂ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਨਾਲ ਸਬੰਧਤ ਹਨ ਤੇ ਕਾਂਗਰਸੀ ਸਰਪੰਚ ਉਨ੍ਹਾਂ ਉੱਤੇ ਰੰਜਿਸ਼ ਅਧੀਨ ਧੱਕਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਜ਼ਮੀਨ ਸਬੰਧੀ 14 ਅਗਸਤ ਨੂੰ ਮੁਹਾਲੀ ਦੀ ਅਦਾਲਤ ਵੱਲੋਂ ‘ਸਟੇਟਸ ਕੋ’ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਪੰਚਾਇਤ ਨੇ ਅਦਾਲਤੀ ਨਿਰਦੇਸ਼ਾਂ ਦੀ ਅਣਦੇਖੀ ਕਰਕੇ ਉਨ੍ਹਾਂ ਦੀ ਜਬਰੀ ਚਰ੍ਹੀ ਵਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਵੀ ਪੰਚਾਇਤ ਦਾ ਸਾਥ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਜਬਰੀ ਸਾਰਾ ਦਿਨ ਬਿਠਾਈ ਰੱਖਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵੀ ਰਿੱਟ ਦਾਇਰ ਕੀਤੀ ਹੈ ਜਿੱਥੇ 24 ਸਤੰਬਰ ਨੂੰ ਸੁਣਵਾਈ ਹੋਣੀ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਦਖ਼ਲ ਦੀ ਮੰਗ ਕਰਦਿਆਂ ਇਨਸਾਫ਼ ਦੀ ਮੰਗ ਕੀਤੀ।

ਕਿਸੇ ਨੇ ਸਟੇਅ ਆਰਡਰ ਨਹੀਂ ਦਿਖਾਇਆ: ਬੀਡੀਪੀਓ

ਬੀਡੀਪੀਓ (ਖਰੜ) ਰਣਜੀਤ ਸਿੰਘ ਬੈਂਸ ਨੇ ਦੱਸਿਆ ਕਿ ਸਬੰਧਤ ਜ਼ਮੀਨ ਦਾ 26 ਜੂਨ ਨੂੰ ਕਬਜ਼ਾ ਛੁਡਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਜੇਈ ਜਗਦੀਸ਼ ਸਿੰਘ ਅਤੇ ਪੰਚਾਇਤ ਸਕੱਤਰ ਹਰਮੇਸ਼ ਸਿੰਘ ਮੌਕੇ ’ਤੇ ਭੇਜੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਧਿਰ ਵੱਲੋਂ ਪੰਚਾਇਤੀ ਅਧਿਕਾਰੀਆਂ ਨੂੰ ਅਦਾਲਤੀ ਸਟੇਅ ਦੀ ਕਾਪੀ ਨਹੀਂ ਵਿਖਾਈ ਗਈ। ਉਨ੍ਹਾਂ ਸਬੰਧਤ ਥਾਂ ਨੂੰ ਪੰਚਾਇਤ ਦੀ ਮਲਕੀਅਤ ਦੱਸਿਆ।

Tags :