For the best experience, open
https://m.punjabitribuneonline.com
on your mobile browser.
Advertisement

ਹੱਸਣ ਤੇ ਹਸਾਉਣ ਦਾ ਦਿਨ ‘ਮੂਰਖ ਦਿਵਸ’

04:00 AM Apr 02, 2025 IST
ਹੱਸਣ ਤੇ ਹਸਾਉਣ ਦਾ ਦਿਨ ‘ਮੂਰਖ ਦਿਵਸ’
Advertisement

ਲਲਿਤ ਗੁਪਤਾ
ਹਰ ਸਾਲ 1 ਅਪਰੈਲ ਨੂੰ ‘ਅਪਰੈਲ ਫੂਲ ਡੇਅ’ ਭਾਵ ‘ਮੂਰਖ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਮੂਰਖ ਬਣਾਉਣ ਅਤੇ ਮਜ਼ਾਕ ਕਰਨ ਦਾ ਕੰਮ ਕਰਦੇ ਹਨ। ਇਸ ਦਿਨ ਸਾਰੇ ਲੋਕ ਆਪਣੇ ਦੋਸਤ, ਮਿੱਤਰ, ਭਰਾ, ਭੈਣ, ਰਿਸ਼ਤੇਦਾਰ ਆਦਿ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਮੂਰਖ ਬਣਨ ਤੋਂ ਬਾਅਦ ਮੂਰਖ ਬਣਨ ਵਾਲੇ ਨੂੰ ਅਪਰੈਲ ਫੂਲ ਕਹਿ ਕੇ ਛੇੜਿਆ ਜਾਂਦਾ ਹੈ। ਕਈ ਪੁਰਾਤਨ ਘਟਨਾਵਾਂ ਅਨੁਸਾਰ ਅਪਰੈਲ ਫੂਲ ਦਿਵਸ ਮਨਾਉਣ ਦਾ ਸਿਲਸਿਲਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ।
ਇਸ ਦਿਨ ਦੇ ਜ਼ਰੀਏ ਹਰ ਪਾਸੇ ਖ਼ੁਸ਼ੀਆਂ ਫੈਲਾਉਣ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਅਪਰੈਲ ਫੂਲ ਡੇਅ ਸਿਰਫ਼ 1 ਅਪਰੈਲ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਤਾਂ ਆਓ ਜਾਣਦੇ ਹਾਂ ਇਸ ਦਾ ਕਾਰਨ ਅਤੇ ਇਸ ਦਾ ਇਤਿਹਾਸ। ਇਹ ਦਿਨ ਕਿਉਂ ਮਨਾਇਆ ਜਾਂਦਾ ਹੈ ਅਤੇ ਇਹ ਕਦੋਂ ਸ਼ੁਰੂ ਹੋਇਆ, ਇਸ ਬਾਰੇ ਸਹੀ ਜਾਣਕਾਰੀ ਮਿਲਣੀ ਮੁਸ਼ਕਿਲ ਹੈ। ਇਸ ਦੇ ਮੂਲ ਬਾਰੇ ਜਾਣਨਾ ਅਜੇ ਵੀ ਰਹੱਸ ਬਣਿਆ ਹੋਇਆ ਹੈ, ਪਰ ਅਜਿਹੀਆਂ ਕਈ ਕਹਾਣੀਆਂ ਪ੍ਰਚੱਲਿਤ ਹਨ, ਜੋ ਅਪਰੈਲ ਫੂਲ ਦੇ ਜਸ਼ਨ ਦੀ ਸ਼ੁਰੂਆਤ ਨਾਲ ਜੁੜੀਆਂ ਹੋਈਆਂ ਹਨ।
ਮੰਨਿਆ ਜਾਂਦਾ ਹੈ ਕਿ ਅਪਰੈਲ ਫੂਲ ਡੇਅ ਪਹਿਲੀ ਵਾਰ ਸਾਲ 1381 ਵਿੱਚ ਮਨਾਇਆ ਗਿਆ ਸੀ। ਇਸ ਦੇ ਪਿੱਛੇ ਇੱਕ ਮਜ਼ਾਕੀਆ ਕਹਾਣੀ ਹੈ। ਦਰਅਸਲ, ਇੰਗਲੈਂਡ ਦੇ ਰਾਜਾ ਰਿਚਰਡ ਦੂਜੇ ਅਤੇ ਬੋਹੇਮੀਆ ਦੀ ਮਹਾਰਾਣੀ ਐਨੀ ਨੇ ਕੁੜਮਾਈ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਕੁੜਮਾਈ 32 ਮਾਰਚ 1381 ਨੂੰ ਹੋਵੇਗੀ। ਇਸ ਐਲਾਨ ਤੋਂ ਆਮ ਲੋਕ ਇੰਨੇ ਖ਼ੁਸ਼ ਹੋਏ ਕਿ ਜਸ਼ਨ ਮਨਾਉਣ ਲੱਗੇ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਉਹ ਮੂਰਖ ਬਣ ਗਿਆ ਹੈ ਕਿਉਂਕਿ ਕੈਲੰਡਰ ਵਿੱਚ 32 ਮਾਰਚ ਦੀ ਕੋਈ ਤਾਰੀਖ ਨਹੀਂ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਉਦੋਂ ਤੋਂ ਹੀ ਲੋਕ ਹਰ ਸਾਲ 1 ਅਪਰੈਲ ਨੂੰ ਮੂਰਖ ਦਿਵਸ ਵਜੋਂ ਮਨਾਉਣ ਲੱਗੇ। ਇੱਕ ਹੋਰ ਸਭ ਤੋਂ ਮਸ਼ਹੂਰ ਕਹਾਣੀ ਸਾਲ 1582 ਦੀ ਹੈ, ਜਦੋਂ ਫਰਾਂਸ ਨੇ ਜੂਲੀਅਨ ਕੈਲੰਡਰ ਨੂੰ ਛੱਡ ਕੇ ਗ੍ਰੈਗੋਰੀਅਨ ਕੈਲੰਡਰ ਨੂੰ ਅਪਣਾਇਆ ਸੀ।
ਪੋਪ ਗ੍ਰੈਗਰੀ 13ਵੇਂ ਨੇ ਗ੍ਰੈਗੋਰੀਅਨ ਕੈਲੰਡਰ ਦੀ ਸ਼ੁਰੂਆਤ ਕੀਤੀ ਸੀ। ਇਸ ਕੈਲੰਡਰ ਵਿੱਚ ਜਨਵਰੀ ਤੋਂ ਸਾਲ ਸ਼ੁਰੂ ਹੁੰਦਾ ਹੈ ਅਤੇ ਇਹ ਉਹੀ ਕੈਲੰਡਰ ਹੈ, ਜਿਸ ਨੂੰ ਅਸੀਂ ਅੱਜ ਵੀ ਵਰਤਦੇ ਹਾਂ। ਜੂਲੀਅਨ ਕੈਲੰਡਰ ਵਿੱਚ ਨਵਾਂ ਸਾਲ 1 ਅਪਰੈਲ ਨੂੰ ਸ਼ੁਰੂ ਹੁੰਦਾ ਸੀ, ਪਰ ਜਦੋਂ ਪੋਪ ਚਾਰਲਸ ਨੇ ਗ੍ਰੈਗੋਰੀਅਨ ਕੈਲੰਡਰ (ਰੋਮਨ ਕੈਲੰਡਰ) ਦੀ ਸ਼ੁਰੂਆਤ ਕੀਤੀ ਤਾਂ ਲੋਕਾਂ ਨੂੰ ਉਸ ਬਦਲਾਅ ਬਾਰੇ ਪਤਾ ਨਹੀਂ ਲੱਗਾ ਅਤੇ ਹਰ ਸਾਲ ਦੀ ਤਰ੍ਹਾਂ 1 ਅਪਰੈਲ ਨੂੰ ਨਵਾਂ ਸਾਲ ਮਨਾਇਆ ਗਿਆ। ਅਜਿਹੇ ਵਿੱਚ ਉਨ੍ਹਾਂ ਲੋਕਾਂ ਦਾ ਕਾਫ਼ੀ ਮਜ਼ਾਕ ਉਡਾਇਆ ਗਿਆ ਅਤੇ ਉਨ੍ਹਾਂ ਨੂੰ ਅਪਰੈਲ ਫੂਲ ਕਿਹਾ ਗਿਆ। ਉਦੋਂ ਤੋਂ ਇਹ ਦਿਨ ਸ਼ੁਰੂ ਹੋਇਆ।
ਇੱਕ ਅਪਰੈਲ 1860 ਦੀ ਇੱਕ ਮਾਨਤਾ ਅਨੁਸਾਰ ਇਸ ਦਿਨ ਲੰਡਨ ਦੇ ਹਜ਼ਾਰਾਂ ਲੋਕਾਂ ਦੇ ਘਰਾਂ ਵਿੱਚ ਪੋਸਟ ਕਾਰਡ ਭੇਜੇ ਗਏ ਸਨ ਜਿਸ ਵਿੱਚ ਦੱਸਿਆ ਗਿਆ ਸੀ ਕਿ ਅੱਜ ਸ਼ਾਮ ਨੂੰ ਲੰਡਨ ਦੇ ਟਾਵਰ ਵਿੱਚ ਚਿੱਟੇ ਗਧੇ ਇਸ਼ਨਾਨ ਕਰਨਗੇ। ਤੁਸੀਂ ਸਭ ਦੇਖਣ ਲਈ ਆ ਸਕਦੇ ਹੋ, ਇਹ ਸਭ ਦੇਖਣ ਲਈ ਤੁਹਾਨੂੰ ਆਪਣੇ ਨਾਲ ਪੋਸਟ ਕਾਰਡ ਲਿਆਉਣਾ ਪਵੇਗਾ। ਪਰ ਉਨ੍ਹੀਂ ਦਿਨੀਂ ਟਾਵਰ ਆਫ ਲੰਡਨ ਕੁਝ ਕਾਰਨਾਂ ਕਰਕੇ ਬੰਦ ਸੀ। ਸ਼ਾਮ ਢਲਦਿਆਂ ਹੀ ਹਜ਼ਾਰਾਂ ਲੋਕ ਟਾਵਰ ਦੇ ਬਾਹਰ ਇਕੱਠੇ ਹੋ ਗਏ। ਲੋਕਾਂ ਨੇ ਅੰਦਰ ਜਾਣ ਲਈ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਨੇ ਉਸ ਨੂੰ ਅਪਰੈਲ ਫੂਲ ਬਣਾ ਦਿੱਤਾ ਸੀ। ਇਸ ਤੋਂ ਇਲਾਵਾ 1 ਅਪਰੈਲ 1915 ਨੂੰ ਜਦੋਂ ਇੱਕ ਬ੍ਰਿਟਿਸ਼ ਪਾਇਲਟ ਨੇ ਜਰਮਨੀ ਲਈ ਏਅਰਫੀਲਡ ’ਤੇ ਇੱਕ ਵੱਡਾ ਬੰਬ ਸੁੱਟਿਆ ਤਾਂ ਇਹ ਦੇਖ ਕੇ ਲੋਕ ਇੱਧਰ-ਉੱਧਰ ਭੱਜਣ ਲੱਗੇ, ਕਾਫ਼ੀ ਦੇਰ ਤੱਕ ਲੋਕ ਲੁਕੇ ਰਹੇ, ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਧਮਾਕਾ ਨਾ ਹੋਇਆ ਤਾਂ ਲੋਕਾਂ ਨੇ ਵਾਪਸ ਆ ਕੇ ਦੇਖਿਆ ਤਾਂ ਉੱਥੇ ਇੱਕ ਵੱਡਾ ਫੁੱਟਬਾਲ ਸੀ ਜਿਸ ’ਤੇ ਅਪਰੈਲ ਫੂਲ ਲਿਖਿਆ ਹੋਇਆ ਸੀ।
ਭਾਰਤ ਵਿੱਚ ਅਪਰੈਲ ਫੂਲ ਦਿਵਸ ਮਨਾਉਣਾ 19ਵੀਂ ਸਦੀ ਵਿੱਚ ਅੰਗਰੇਜ਼ਾਂ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਵਿੱਚ ਹਰ ਸਾਲ ਇਸ ਦਿਨ ਨੂੰ ਮੂਰਖ ਦਿਵਸ ਵਜੋਂ ਮਨਾਇਆ ਜਾਣ ਲੱਗਾ। ਹਾਲਾਂਕਿ, ਹੁਣ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਦੇਸ਼ ’ਚ ਫੂਲ ਡੇਅ ਦੀ ਪਛਾਣ ਹੋਰ ਵਧ ਗਈ ਹੈ। ਪਹਿਲਾਂ ਸਿਰਫ਼ ਇੱਕ ਦਿਨ ਹੀ ਫੂਲ ਡੇਅ ਮਨਾਉਣ ਦਾ ਰਿਵਾਜ ਸੀ, ਪਰ ਅੱਜਕੱਲ੍ਹ ਲੋਕਾਂ ਨੂੰ ਹਰ ਰੋਜ਼ ਮੂਰਖ ਬਣਾਇਆ ਜਾ ਰਿਹਾ ਹੈ। ਅੱਜਕੱਲ੍ਹ ਲੋਕ ਫੋਨ ਕਰਕੇ ਮੈਸੇਜ ਕਰਦੇ ਹਨ ਕਿ ਤੁਸੀਂ ਇੱਕ ਕਰੋੜ ਦੀ ਲਾਟਰੀ ਜਿੱਤ ਲਈ ਹੈ, ਤੁਹਾਨੂੰ ਇੱਕ ਲਿੰਕ ਭੇਜਿਆ ਜਾ ਰਿਹਾ ਹੈ, ਇਸ ਲਿੰਕ ਨੂੰ ਖੋਲ੍ਹੋ ਅਤੇ ਆਪਣੀ ਡਿਟੇਲ ਭਰੋ ਤਾਂ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ। ਇਸ ਤੋਂ ਇਲਾਵਾ ਸੋਸ਼ਲ ਮੀਡੀਆ, ਡਿਜ਼ੀਟਲ ਪਲੈਟਫਾਰਮ, ਫਰਜ਼ੀ ਈਮੇਲਾਂ ਜਾਂ ਆਨਲਾਈਨ ਲਾਟਰੀ ਜਿੱਤਣ ਆਦਿ ਦੇ ਨਾਂ ’ਤੇ ਲੱਖਾਂ ਲੋਕਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਫੂਲ ਡੇਅ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਹੱਸਣ ਅਤੇ ਮਜ਼ਾਕ ਕਰਨ ਦਾ ਦਿਨ ਹੈ, ਪਰ ਫਿਰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਕਿਸੇ ਨਾਲ ਮਜ਼ਾਕ ਕਰਦੇ ਸਮੇਂ ਇਸ ਗੱਲ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ ਕਿ ਮਜ਼ਾਕ ਕਿਸੇ ਲਈ ਘਾਤਕ ਸਿੱਧ ਨਾ ਹੋਵੇ। ਹਾਲਾਂਕਿ, ਅਜਿਹਾ ਕਰਦੇ ਸਮੇਂ, ਤੁਹਾਨੂੰ ਧਿਆਨ ਦੇਣਾ ਹੋਵੇਗਾ ਕਿ ਉਹ ਵਿਅਕਤੀ ਜਿਸ ਨਾਲ ਤੁਸੀਂ ਮਜ਼ਾਕ ਕਰ ਰਹੇ ਹੋ, ਉਹ ਕਿਸੇ ਵੀ ਜ਼ਰੂਰੀ ਕੰਮ ਵਿੱਚ ਰੁੱਝਿਆ ਨਾ ਹੋਵੇ। ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ, ਕਿਸੇ ਨਾਲ ਧਰਮ ਅਤੇ ਜਾਤ ਦੇ ਨਾਮ ’ਤੇ ਮਜ਼ਾਕ ਨਾ ਕੀਤਾ ਜਾਵੇ।
ਸੰਪਰਕ: 97815-90500

Advertisement

Advertisement
Advertisement
Advertisement
Author Image

Balwinder Kaur

View all posts

Advertisement