ਨਵੀਂ ਦਿੱਲੀ, 6 ਫਰਵਰੀਅਮਰੀਕਾ ਵੱਲੋਂ ਮੁਲਕ ’ਚੋਂ ਕੱਢੇ ਗਏ ਭਾਰਤੀਆਂ ਨਾਲ ਮਾੜੇ ਸਲੂਕ ਦੇ ਵਿਰੋਧ ’ਚ ਅੱਜ ਵਿਰੋਧੀ ਧਿਰਾਂ ਦੇ ਕਈ ਮੈਂਬਰਾਂ ਨੇ ਸੰਸਦ ਪਰਿਸਰ ’ਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ, ਸ਼ਸ਼ੀ ਥਰੂਰ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ, ਸ਼ਿਵ ਸੈਨਾ (ਯੂਬੀਟੀ) ਆਗੂ ਪ੍ਰਿਯੰਕਾ ਚਤੁਰਵੇਦੀ, ਟੀਐੱਮਸੀ ਦੇ ਕੀਰਤੀ ਆਜ਼ਾਦ ਅਤੇ ਹੋਰ ਆਗੂਆਂ ਨੇ ਹਿੱਸਾ ਲਿਆ। ਕੁਝ ਆਗੂਆਂ ਨੇ ਖੁਦ ਨੂੰ ਹੱਥਕੜੀਆਂ ਲਾਈਆਂ ਹੋਈਆਂ ਸਨ। ਉਨ੍ਹਾਂ ‘ਮਨੁੱਖ ਹਾਂ, ਕੈਦੀ ਨਹੀਂ’ ਜਿਹੇ ਨਾਅਰੇ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ।ਆਗੂਆਂ ਨੇ ਕਿਹਾ ਕਿ ਉਹ ਭਾਰਤ ਦਾ ਅਪਮਾਨ ਕਦੇ ਵੀ ਸਹਿਣ ਨਹੀਂ ਕਰਨਗੇ ਅਤੇ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਕਿਹਾ, ‘‘ਮੋਦੀ ਸਰਕਾਰ ਡਿਪੋਰਟੇਸ਼ਨ ਮੁੱਦੇ ’ਤੇ ਵਿਸਥਾਰਤ ਬਿਆਨ ਦੇਵੇ। ਫੌਜੀ ਜਹਾਜ਼ ਦੇ ਸਾਡੀ ਧਰਤੀ ’ਤੇ ਉਤਰਨ ਦੀ ਬਜਾਏ ਸਰਕਾਰ ਨੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣੇ ਜਹਾਜ਼ ਅਮਰੀਕਾ ਕਿਉਂ ਨਹੀਂ ਭੇਜੇ।’’ਵਤਨ ਪਰਤੇ ਇਕ ਵਿਅਕਤੀ ਵੱਲੋਂ ਸੁਣਾਏ ਗਏ ਦੁੱਖੜੇ ਦਾ ਵੀਡੀਓ ਸਾਂਝਾ ਕਰਦਿਆਂ ਰਾਹੁਲ ਗਾਂਧੀ ਨੇ ‘ਐਕਸ’ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਜੀ ਇਸ ਵਿਅਕਤੀ ਦਾ ਦਰਦ ਸੁਣੋ। ਭਾਰਤੀ ਹੱਥਕੜੀਆਂ ਦੇ ਨਹੀਂ ਸਗੋਂ ਮਾਨਵਤਾ ਅਤੇ ਸਤਿਕਾਰ ਦੇ ਹੱਕਦਾਰ ਹਨ।’’ਸੰਸਦੀ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੀ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਅਮਰੀਕਾ ’ਚੋਂ ਕੱਢੇ ਗਏ ਭਾਰਤੀਆਂ ਨਾਲ ਮਾੜਾ ਸਲੂਕ ਕਿਉਂ ਅਪਣਾਇਆ ਗਿਆ। ਉਨ੍ਹਾਂ ਕਿਹਾ, ‘‘ਮੋਦੀ ਅਤੇ ਟਰੰਪ ਦੀ ਦੋਸਤੀ ਬਾਰੇ ਬਹੁਤ ਕੁਝ ਆਖਿਆ ਜਾ ਰਿਹਾ ਹੈ। ਕੀ ਅਸੀਂ ਉਨ੍ਹਾਂ ਦੀ ਵਤਨ ਵਾਪਸੀ ਲਈ ਆਪਣਾ ਜਹਾਜ਼ ਨਹੀਂ ਭੇਜ ਸਕਦੇ ਸੀ। ਜੇ ਮੋਦੀ ਅਤੇ ਟਰੰਪ ਚੰਗੇ ਦੋਸਤ ਹਨ ਤਾਂ ਫਿਰ ਉਨ੍ਹਾਂ ਇੰਜ ਕਿਵੇਂ ਹੋਣ ਦਿੱਤਾ। ਤੁਸੀਂ ਲੋਕਾਂ ਨਾਲ ਕਿਹੋ ਜਿਹਾ ਸਲੂਕ ਕਰਦੇ ਹੋ ਕਿ ਉਨ੍ਹਾਂ ਨੂੰ ਬੇੜੀਆਂ ’ਚ ਬੰਨ੍ਹ ਕੇ ਭੇਜਦੇ ਹੋ।’’ ਇਕ ਹੋਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਕਿਹਾ ਕਿ ਜਿਸ ਢੰਗ ਨਾਲ ਅਮਰੀਕਾ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਹੈ, ਉਹ ਗਲਤ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਦੀ ਵਾਪਸੀ ਲਈ ਜਹਾਜ਼ ਭੇਜਿਆ ਜਾ ਸਕਦਾ ਸੀ।ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਗ਼ੈਰ-ਮਨੁੱਖੀ ਢੰਗ ਨਾਲ ਭਾਰਤ ਭੇਜੇ ਗਏ ਲੋਕਾਂ ਦੇ ਸੁਪਨੇ ਟੁੱਟ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਸੁਪਨਾ ਦਿਖਾਇਆ ਸੀ ਕਿ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਹੈ ਪਰ ਹੁਣ ਉਹ ਸਾਰੇ ਚੁੱਪ ਹਨ। ਅਖਿਲੇਸ਼ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਵੀ ਕੁਝ ਨਹੀਂ ਕਰ ਰਿਹਾ ਹੈ ਅਤੇ ਸਰਕਾਰ ਨੇ ਔਰਤਾਂ ਤੇ ਬੱਚਿਆਂ ਨੂੰ ਅਣਮਨੁੱਖੀ ਵਤੀਰੇ ਤੋਂ ਬਚਾਉਣ ਲਈ ਕੁਝ ਨਹੀਂ ਕੀਤਾ।ਸ਼ਿਵ ਸੈਨਾ (ਯੂਬੀਟੀ) ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਇਹ ਭਾਰਤ ਦਾ ਅਪਮਾਨ ਹੈ ਅਤੇ ਗ਼ੈਰ-ਕਾਨੂੰਨੀ ਪਰਵਾਸੀ ਕੋਈ ਅਪਰਾਧੀ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਅਸਫ਼ਲ ਵਿਦੇਸ਼ ਸਬੰਧਾਂ ਅਤੇ ਨੀਤੀਆਂ ਕਾਰਨ ਉਨ੍ਹਾਂ ਨੂੰ ਮੁਲਕ ਪਰਤਣਾ ਪਿਆ ਹੈ। ਟੀਐੱਮਸੀ ਦੇ ਕੀਰਤੀ ਆਜ਼ਾਦ ਨੇ ਕਿਹਾ ਕਿ ਭਾਰਤੀਆਂ ਨੂੰ ਜਿਸ ਢੰਗ ਨਾਲ ਮੁਲਕ ਭੇਜਿਆ ਗਿਆ ਹੈ ਉਹ ਦੁਖਦਾਈ ਹੈ। -ਪੀਟੀਆਈਨੀਤੀਗਤ ਫ਼ੈਸਲਾ, ਮੁੱਦੇ ਦਾ ਸਿਆਸੀਕਰਨ ਨਾ ਕਰਨ ਵਿਰੋਧੀ: ਚਿਰਾਗਵਿਰੋਧ ਪ੍ਰਦਰਸ਼ਨ ਦੌਰਾਨ ਹੀ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕਿਹਾ ਕਿ ਸਰਕਾਰ ਢੁੱਕਵੇਂ ਸਮੇਂ ’ਤੇ ਇਸ ਮੁੱਦੇ ਉਪਰ ਆਪਣੇ ਵਿਚਾਰ ਰੱਖੇਗੀ। ਉਨ੍ਹਾਂ ਕਿਹਾ ਕਿ ਇਹ ਨੀਤੀਗਤ ਫ਼ੈਸਲਾ ਹੈ ਅਤੇ ਵਿਰੋਧੀ ਧਿਰ ਵੱਲੋਂ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ