ਹੱਡਾ-ਰੋੜੀ ਵਿਵਾਦ: ਸੁਖਾਨੰਦ ’ਚ ਜਨਰਲ ਤੇ ਐੱਸਸੀ ਵਰਗ ਆਹਮੋ-ਸਾਹਮਣੇ

ਸੜਕ ’ਤੇ ਖਿਲਰੇ ਪਏ ਪਸ਼ੂਆਂ ਦੇ ਹੱਡ ਦਿਖਾਉਂਦੇ ਹੋਏ ਸਮੂਹ ਨਗਰ ਨਿਵਾਸੀ।

ਗੁਰਜੰਟ ਕਲਸੀ
ਸਮਾਲਸਰ, 20 ਸਤੰਬਰ
ਥਾਣਾ ਸਮਾਲਸਰ ਅਧੀਨ ਪੈਦੇ ਪਿੰਡ ਸੁਖਾਨੰਦ ਅਤੇ ਸੁਖਾਨੰਦ ਖੁਰਦ ਦੀ ਪੁਰਾਣੀ ਬਣੀ ਹੋਈ ਹੱਡਾ ਰੋੜੀ ਦਾ ਮਾਮਲਾ ਉਲਝਣ ਕਾਰਨ ਐੱਸਸੀ ਅਤੇ ਜਨਰਲ ਭਾਈਚਾਰੇ ਵਿੱਚ ਆਪਸੀ ਬਣੀ ਭਾਈਚਾਰਕ ਸਾਂਝ ਕਿਸੇ ਵੇਲੇ ਵੀ ਤਕਰਾਰ ਵਿੱਚ ਬਦਲ ਸਕਦੀ ਹੈ।
ਜਨਰਲ ਵਰਗ ਦੇ ਬੁਲਾਏ ਗਏ ਇਕੱਠ ਦੀ ਵੀਡੀਓ ਵਿੱਚ ਸਕੂਲ ਨੂੰ ਜਿੰਦਰਾ ਲਗਾਉਣ, ਪਾਣੀ ਬੰਦ ਕਰਨ ਅਤੇ ਐੱਸਸੀ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ ਲਈ ਵਾਇਰਲ ਹੋਣ ਨਾਲ ਦੋਹਾਂ ਪਿੰਡਾਂ ਦੀ ਸਥਿਤੀ ਤਣਾਅ ਪੂਰਨ ਹੋ ਗਈ ਹੈ।
ਪਿੰਡ ਸੁਖਾਨੰਦ ਦੀ ਸਿਰੀਏ ਵਾਲਾ ਰੋਡ ’ਤੇ ਸਥਿਤ ਹੱਡਾ-ਰੋੜੀ ਦੀ ਚਾਰਦਿਵਾਰੀ ਢਾਹੇ ਜਾਣ ਕਰਕੇ ਸੜਕ ’ਤੇ ਪਏ ਪਸ਼ੂਆਂ ਦੇ ਹੱਡਾਂ ਕਾਰਨ ਫੈਲੀ ਗੰਦਗੀ ਮਗਰੋਂ ਦੋਹਾਂ ਧਿਰਾਂ ਵਿੱਚ ਸਹਿਮਤੀ ਨਾ ਬਣਨ ਕਰ ਕੇ ਮਾਮਲਾ ਹਲਕਾ ਵਿਧਾਇਕ ਦੇ ਦਰਬਾਰ ਪਹੁੰਚ ਗਿਆ ਹੈ। ਜੇਕਰ ਇਸ ਮਾਮਲੇ ਦਾ ਕੋਈ ਹੱਲ ਨਾ ਹੋਇਆ ਤਾਂ ਮਾਹੌਲ ਤਣਾਅਪੂਰਨ ਹੋ ਸਕਦਾ ਹੈ। ਇਸ ਮਾਮਲੇ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਕਾਂਗਰਸ ਸ਼ਿਕਾਇਤ ਨਿਵਾਰਣ ਕਮੇਟੀ ਮੈਂਬਰ ਸੂਬੇਦਾਰ ਬਲਦੇਵ ਸਿੰਘ ਨੇ ਕਿਹਾ ਸੁਖਾਨੰਦ ਖੁਰਦ ਦੇ ਐੱਸਸੀ ਭਾਈਚਾਰੇ ਦੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਨੱਥ ਪਾਉਣ ਲਈ ਸਮੂਹ ਐੱਸਸੀ ਭਾਈਚਾਰੇ ਨੂੰ ਨਾਲ ਸੰਘਰਸ਼ ਵਿੱਢਣਗੇ ਅਤੇ ਲੋਕਾਂ ਨੂੰ ਨਿਆ ਦੁਆਉਣ ਲਈ ਪੂਰੀ ਵਾਹ ਲਾ ਦੇਣਗੇ।

ਹੱਡਾਰੋੜੀ ਨਾ ਹੋਣ ਦੇ ਮਾਮਲੇ ’ਤੇ ਨਗਰ ਕੌਂਸਲ ਅੱਗੇ ਧਰਨਾ ਲਾਇਆ
ਮਾਨਸਾ (ਜੋਗਿੰਦਰ ਸਿੰਘ ਮਾਨ): ਨਗਰ ਕੌਸਲ ਮਾਨਸਾ ਵੱਲੋਂ ਸ਼ਹਿਰ ਵਿੱਚ ਮੁਰਦਾ ਪਸ਼ੂਆਂ ਨੂੰ ਸੁੱਟਣ ਲਈ ਕੋਈ ਵੀ ਪ੍ਰਬੰਧ ਨਾ ਹੋਣ ਦੇ ਵਿਰੋਧ ਵਜੋਂ ਕੌਸਲਰ ਪ੍ਰੇਮ ਸਾਗਰ ਭੋਲਾ ਦੀ ਅਗਵਾਈ ਹੇਠ ਲਗਾਇਆ ਧਰਨਾ 10ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ ਪਰ ਫਿਰ ਵੀ ਸ਼ਹਿਰ ਦੇ ਇਸ ਵੱਡੇ ਮਸਲੇ ਦਾ ਪ੍ਰਸ਼ਾਸਨ ਵੱਲੋਂ ਕੋਈ ਬਦਲਵਾਂ ਤੇ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਉਨ੍ਹਾਂ ਪਾਸੋਂ ਗਊ ਸੈੱਸ ਵਸੂਲ ਕਰਦੀ ਹੈ ਤਾਂ ਫਿਰ ਅਜਿਹੇ ਮਰੇ ਹੋਏ ਪਸ਼ੂਆਂ ਨੂੰ ਸੁੱਟਣ ਲਈ ਬਕਾਇਦਾ ਹੱਡਾਰੋੜੀ ਬਣਾਉਣ ਦੇ ਉਪਰਾਲੇ ਕਿਉਂ ਠੰਡੇ ਬਸਤੇ ਵਿੱਚ ਪਾਏ ਹੋਏ ਹਨ। ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਕਿਹਾ ਕਿ ਨਗਰ ਕੌਸਲ ਦੇ ਪ੍ਰਬੰਧਕਾਂ ਵੱਲੋਂ ਜਨਤਕ ਮਸਲਿਆਂ ’ਤੇ ਸਿਰਫ ਕੁੱਝ ਲੋਕਾਂ ਦੀ ਸੁਣਵਾਈ ਜਾਂਦੀ ਹੈ ਅਤੇ ਵੱਡੀ ਪੱਧਰ ’ਤੇ ਹਰ ਮਸਲੇ ਵਿੱਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਜੈ ਕਿਸ਼ਨ ਨੇ ਕਿਹਾ ਕਿ ਗਊਸ਼ਲਾਵਾ ਦਾ ਜ਼ਿਆਦਾ ਖਰਚ ਲੋਕ ਦਾਨ ਪੁੰਨ ਕਰਕੇ ਚਲਾਉਂਦੇ ਹਨ ਅਤੇ ਨਗਰ ਕੌਸਲ ਵੱਲੋਂ ਬਣਦਾ ਟੈਕਸ ਨਹੀਂ ਦਿੱਤਾ ਜਾਂਦਾ ਤੇ ਮੁਰਦਾ ਪਸ਼ੂਆਂ ਪ੍ਰਤੀ ਕਮੇਟੀ ਲਾਪ੍ਰਵਾਹੀ ਦਾ ਰੁਖ ਅਪਣਾ ਰਹੀ ਹੈ।

Tags :